ਦਿੱਲੀ ਸੇਵਾ ਬਿੱਲ ਨੂੰ ਲੈ ਕੇ ਰਾਜ ਸਭਾ ਵਿਚ ਸੰਸਦ ਮੈਂਬਰ ਰਾਘਵ ਚੱਢਾ ਨੇ ਭਾਜਪਾ ‘ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਇਕ ਟਾਈਮ ਉਹ ਵੀ ਸੀ ਜਦੋਂ ਭਾਰਤੀ ਜਨਤਾ ਪਾਰਟੀ ਨੇ ਖੁਦ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਇਸ ਦੇ ਬਾਅਦ 2013 ਦੇ ਚੋਣ ਘੋਸ਼ਣਾ ਪੱਤਰ ਵਿਚ ਭਾਜਪਾ ਨੇ ਕਿਹਾ ਸੀ ਕਿ ਅਸੀਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਵਾਂਗੇ। ਰਾਘਵ ਚੱਢਾ ਨੇ ਅਮਿਤ ਸ਼ਾਹ ਦੇ ਲੋਕ ਸਭਾ ਵਿਚ ਦਿੱਤੇ ਬਿਆਨ ‘ਤੇ ਵੀ ਪਲਟਵਾਰ ਕੀਤਾ। ਉਹਨਾਂ ਨਸੀਹਤ ਦਿੱਤੀ ਕਿ ਤੁਸੀਂ ਨਹਿਰੂਵਾਦੀ ਨਾ ਬਣੋ, ਤੁਸੀਂ ਤਾਂ ਬੱਸ ਆਡਵਾਨੀਵਾਦੀ ਬਣੋ ਜਿਨ੍ਹਾਂ ਨੇ ਖੁਦ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਏ ਜਾਣ ਦੀ ਮੰਗ ਚੁੱਕੀ ਸੀ।
ਇਹ ਬਿੱਲ ਸਿਆਸੀ ਧੋਖਾ ਤੇ ਸੰਵਿਧਾਨਕ ਪਾਪ ਹੈ। ਕੇਂਦਰ ਨੇ ਇਹ ਬਿੱਲ ਲਿਆ ਕੇ ਲਾਲ ਕ੍ਰਿਸ਼ਨ ਅਡਵਾਨੀ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਮਦਨ ਲਾਲ ਖੁਰਾਣਾ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਦਿੱਲੀ ਵਿਚ ਭਾਜਪਾ ਚੋਣ ਨਹੀਂ ਜਿੱਤ ਸਕੀ ਇਸ ਲਈ ਚੁਣੀ ਹੋਈ ਸਰਕਾਰ ਨੂੰ ਨਸ਼ਟ ਕਰ ਰਹੇ ਹਨ। ਆਰਡੀਨੈਂਸ ਨੂੰ ਲਿਆ ਕੇ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਣ ਵਾਲੇ ਆਰਡੀਨੈਂਸ ਨੂੰ ਲੈ ਕੇ ਭਾਜਪਾ ਨੇ ਇਹ ਸੰਦੇਸ਼ ਦੇ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਨੂੰ ਚੈਲੇਂਜ ਕਰਦੇ ਹਾਂ। ਤੁਸੀਂ ਜੋ ਫੈਸਲਾ ਦੇ ਰਹੇ ਹੋ ਅਸੀਂ ਕੁਝ ਦਿਨਾਂ ਵਿਚ ਆਰਡੀਨੈਂਸ ਲਿਆ ਕੇ ਉਸ ਨੂੰ ਪਲਟ ਦੇਵਾਂਗੇ। ਰਾਘਵ ਚੱਢਾ ਨੇ ਕਿਹਾ ਕਿ ਇਸ ਬਿੱਲ ਦਾ ਹਾਲ ਵੀ ਪੁਰਾਣੇ ਬਿੱਲਾਂ ਦੀ ਤਰ੍ਹਾਂ ਹੋਵੇਗਾ। ਬਿੱਲ ਦੇ ਵਿਰੋਧ ਵਿਚ ‘ਆਪ’ ਸੰਸਦ ਨੇ ਕਿਹਾ ਕਿ ਅਫਸਰਸ਼ਾਹੀ ਤੋਂ ਜਵਾਬਦੇਹੀ ਦੀ ਚੇਨ ਟੁੱਟ ਜਾਂਦੀ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਅਫਸਰ ਹੁਣ ਮੁੱਖ ਮੰਤਰੀ ਜਾਂ ਮੰਤਰੀ ਦੀ ਨਹੀਂ ਸੁਣੇਗਾ। ਇਹ ਬਿੱਲ ਸਿੱਧੇ ਉਪਰਾਜਪਾਲ LG ਨੂੰ ਸੁਪਰ ਪਾਵਰ ਦਿੰਦਾ ਹੈ।