ਹੁਸ਼ਿਆਰਪੁਰ ਦੇ ਤਲਵਾੜਾ ਦੇ ਪਿੰਡ ਕੋਠੀ ਦੇ ਰਹਿਣ ਵਾਲੇ ਸਚਿਨ ਭਾਟੀਆ ਦੀ ਮੌਤ ਦੀ ਖ਼ਬਰ ਆਈ ਹੈ । ਉਹ 4 ਸਾਲ ਪਹਿਲਾਂ ਕੈਨੇਡਾ ਗਿਆ ਸੀ । ਪਰਿਵਾਰ ਮੁਤਾਬਿਕ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਪੁੱਤਰ ਦੀ ਤੇਜ਼ ਬੁਖ਼ਾਰ ਦੀ ਵਜ੍ਹਾ ਕਰਕੇ ਮੌਤ ਹੋਈ ਹੈ । 26 ਸਾਲ ਦਾ ਸਚਿਨ ਪਿਤਾ ਬਿਸ਼ਨ ਦਾਸ ਦਾ ਇਕਲੌਤਾ ਪੁੱਤ ਸੀ ਉਹ 2019 ਵਿੱਚ ਪੜਾਈ ਕਰਨ ਦੇ ਲਈ ਕੈਨੇਡਾ ਗਿਆ ਸੀ । ਕੁਝ ਸਮੇਂ ਦੇ ਬਾਅਦ ਭੈਣ ਵੀ ਕੈਨੇਡਾ ਚੱਲੀ ਗਈ ਦੋਵੇਂ ਭੈਣ-ਭਰਾ ਨਾਲ ਹੀ ਰਹਿੰਦੇ ਸਨ । ਪਿਤਾ ਬਿਸ਼ਨ ਦਾਸ ਨੇ ਦੱਸਿਆ ਕਿ ਪੜਾਈ ਦੇ ਬਾਅਦ ਸਚਿਨ ਉੱਥੇ ਕੰਮ ਕਰ ਰਿਹਾ ਸੀ । ਬੀਤੀ ਰਾਤ 9 ਵਜੇ ਦੇ ਕਰੀਬ ਪੁੱਤਰ ਨਾਲ ਗੱਲ ਹੋਈ ਉਹ ਉਸ ਵੇਲੇ ਕੰਮ ਖ਼ਤਮ ਕਰਕੇ ਘਰ ਵਾਪਸ ਆ ਰਿਹਾ ਸੀ। ਪੁੱਤਰ ਨੇ ਦੱਸਿਆ ਕਿ ਉਸ ਨੂੰ ਥੋੜ੍ਹਾ ਬੁਖ਼ਾਰ ਹੈ ਤਾਂ ਮੈਂ ਉਸ ਨੂੰ ਕਿਹਾ ਘਰ ਪਹੁੰਚਣ ਤੋਂ ਪਹਿਲਾਂ ਉਹ ਰਸਤੇ ਵਿੱਚ ਦਵਾਈ ਲੈ ਕੇ ਜਾਵੇ । ਪੁੱਤਰ ਘਰ ਪਹੁੰਚਿਆ ਇਸ ਦੇ ਬਾਅਦ ਧੀ ਨਾਲ ਗੱਲ ਹੋਈ ਉਸ ਨੂੰ ਸਚਿਨ ਦਾ ਖ਼ਿਆਲ ਰੱਖਣ ਨੂੰ ਕਿਹਾ ਤਕਰੀਬਨ 2 ਘੰਟੇ ਬਾਅਦ ਧੀ ਦਾ ਫ਼ੋਨ ਆਇਆ ਉਸ ਨੇ ਦੱਸਿਆ ਕਿ ਸਚਿਨ ਨੂੰ ਹਸਪਤਾਲ ਲੈ ਕੇ ਆਏ ਹਾਂ ।ਥੋੜ੍ਹੀ ਦੇ ਬਾਅਦ ਧੀ ਨੇ ਦੱਸਿਆ ਕਿ ਡਾਕਟਰਾਂ ਨੇ ਸਚਿਨ ਨੂੰ ਮ੍ਰਿਤਕ ਐਲਾਨਿਆ ਹੈ । ਸਚਿਨ ਦੀ ਮੌਤ ਬੁਖ਼ਾਰ ਦੀ ਵਜ੍ਹਾ ਕਰਕੇ ਹੋਈ ਜਾਂ ਫਿਰ ਕਿਸੇ ਹੋਰ ਵਜ੍ਹਾ ਨਾਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ 2 ਦਿਨ ਤੱਕ ਰੱਖਿਆ ਜਾਵੇਗਾ । ਪਰਿਵਾਰ ਨੇ ਸਰਕਾਰ ਤੋਂ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮਦਦ ਮੰਗੀ ਹੈ ।