ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵੱਲੋਂ ਪੁਸਤਕਾਂ ਕਢਵਾਉਣ ਅਤੇ ਵਾਪਸ ਕਰਨ ਜਿਹੇ ਬਹੁਤ ਸਾਰੇ ਕੰਮਾਂ ਨੂੰ ਹੋਰ ਸੁਚਾਰੂ ਬਣਾਉਣ ਲਈ 'ਕੋਹਾ' ਸਾਫ਼ਟਵੇਅਰ ਦੀ ਸ਼ੁਰੂਆਤ ਕੀਤੀ ਹੈ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਵਿੱਚ ਇਸ ਸਾਫ਼ਟਵੇਅਰ ਵਿੱਚ ਕੰਮ ਕਾਜ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਨਵੇਂ ਸਾਫ਼ਟਵੇਅਰ ਵਿੱਚ ਪੁਸਤਕਾਂ ਕਢਵਾਉਣ ਅਤੇ ਵਾਪਸ ਕਰਨ ਆਦਿ ਸੇਵਾਵਾਂ ਦਾ ਮੁਆਇਨਾ ਵੀ ਕੀਤਾ ਗਿਆ। ਉਨ੍ਹਾਂ ਲਾਇਬ੍ਰੇਰੀ ਇੰਚਾਰਜ ਅਤੇ ਸਮੂਹ ਸਟਾਫ਼ ਨੂੰ ਇਸ ਨਵੇਂ ਸਾਫ਼ਟਵੇਅਰ ਨੂੰ ਅਪਣਾਏ ਜਾਣ ਦਾ ਕੰਮ ਮੁਕੰਮਲ ਹੋਣ ਉੱਤੇ ਵਧਾਈ ਦਿੱਤੀ।
ਡਾ. ਨਵਜੋਤ ਕੌਰ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ
ਇਸ ਮੌਕੇ ਰਜਿਸਟਰਾਰ ਡਾ. ਨਵਜੋਤ ਕੌਰ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ। ਉਨ੍ਹਾਂ ਵੱਲੋਂ ਵੀ ਇਸ ਨਵੇਂ ਕਾਰਜ ਲਈ ਸਮੂਹ ਲਾਇਬ੍ਰੇਰੀ ਸਟਾਫ਼ ਦੀ ਸ਼ਲਾਘਾ ਕੀਤੀ ਗਈ।
ਇੰਚਾਰਜ ਲਾਇਬ੍ਰੇਰੀ ਡਾ. ਗੁਰਜੀਤ ਕੌਰ ਨੇ ਇਸ ਮੌਕੇ ਦੱਸਿਆ ਕਿ 'ਕੋਹਾ' ਸਾਫ਼ਟਵੇਅਰ ਓਪਨ ਸੋਰਸ ਅਤੇ ਮੁਫ਼ਤ ਵਿੱਚ ਉਪਲਬਧ ਸਾਫ਼ਟਵੇਅਰ ਹੈ। ਉਨ੍ਹਾਂ ਨੇ ਲਾਇਬ੍ਰੇਰੀ, ਪਾਠਕਾਂ ਅਤੇ ਸਟਾਫ਼ ਲਈ ਇਸ ਸਾਫ਼ਟਵੇਅਰ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਗੱਲ ਕੀਤੀ ਅਤੇ ਵਾਈਸ ਚਾਂਸਲਰ, ਰਜਿਸਟਰਾਰ ਅਤੇ ਸਮੂਹ ਸਟਾਫ਼ ਅਤੇ ਪਾਠਕਾਂ ਦਾ ਧੰਨਵਾਦ ਕੀਤਾ।
ਸਿੱਖਿਆ ਫ਼ੈਕਲਟੀ ਡੀਨ ਡਾ. ਜਸਰਾਜ ਕੌਰ ਅਤੇ ਕਾਰਜਕਾਰੀ ਇੰਜੀਨੀਅਰ ਨਰੇਸ਼ ਮਿੱਤਲ ਵੱਲੋਂ ਵੀ ਆਪਣੀ ਟੀਮ ਸਮੇਤ ਇਸ ਮੌਕੇ ਸ਼ਮੂਲੀਅਤ ਕੀਤੀ ਗਈ।