ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਦੀ ਓਲਡ ਸਟੂਡੈਂਟ ਐਸੋਸੀਏਸ਼ਨ ਨੇ ਕਾਲਜ ਪ੍ਰਿੰਸੀਪਲ ਦੀ ਪ੍ਰੇਰਣਾ ਸਦਕਾ ਇੱਕ ਨਵੇਕਲੀ ਪਹਿਲ ਕਰਦੇ ਹੋਏ 'ਇਕ ਮਿਲਣੀ ਵਿਦਿਆਰਥੀਆਂ ਦੀ - ਨਵਿਆਂ ਨਾਲ ਪੁਰਾਣਿਆਂ ਦੀ' ਪ੍ਰੋਗਰਾਮ ਕਰਵਾਇਆ ਗਿਆ, ਇਸ ਪ੍ਰੋਗਰਾਮ ਦਾ ਮੁੱਖ ਮੰਤਵ ਬੀਤੇ ਸਮੇਂ ਵਿੱਚ ਉੱਤਰੀ ਭਾਰਤ ਦੀ ਇਸ ਮਾਣਮੱਤੀ ਸੰਸਥਾ ਵਿੱਚੋਂ ਵਿੱਦਿਆ ਪ੍ਰਾਪਤ ਕਰਨ ਉਪਰੰਤ ਅੱਜ ਵੱਖੋ-ਵੱਖਰੇ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਕੁਝ ਚੋਣਵੇਂ ਵਿਦਿਆਰਥੀਆਂ ਨੂੰ, ਹਰ ਮਹੀਨੇ, ਮੌਜੂਦਾ ਸਮੇਂ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਰੂਬਰੂ ਕਰਨਾ ਹੈ। ਤਾਂ ਜੋ ਅੱਜ ਦੀ ਪੀੜੀ ਦੇ ਵਿਦਿਆਰਥੀ ਆਪਣੇ ਇਸ ਕਾਲਜ ਦੇ ਉਸ ਇਤਿਹਾਸ, ਪਰੰਪਰਾਵਾਂ ਅਤੇ ਵਿਰਸੇ ਨਾਲ ਜੁੜ ਸਕਣ ਅਤੇ ਮਾਣ ਮਹਿਸੂਸ ਕਰਨ, ਜਿਸ ਕਾਲਜ ਨੂੰ ਉਹਨਾਂ ਨੇ ਆਪਣੇ ਉਚੇਰੀ ਸਿੱਖਿਆ ਦੇ ਸਫ਼ਰ ਲਈ ਚੁਣਿਆ ਹੈ। ਪੁਰਾਣੇ ਵਿਦਿਆਰਥੀਆਂ ਵੱਲੋਂ ਸਾਂਝੇ ਕੀਤੇ ਨਿੱਜੀ ਤਜਰਬੇ, ਕਿੱਸੇ ਜਾਂ ਟੋਟਕੇ ਇੱਕ ਅਲੱਗ ਹੀ ਮਾਹੌਲ ਸਿਰਜਦੇ ਹਨ।
ਕਿਸੇ ਵੀ ਸਫਲ ਇਨਸਾਨ ਨੂੰ ਜਦ ਕਦੇ ਵੀ ਉਸ ਅਦਾਰੇ ਵੱਲੋਂ ਕੋਈ ਅਜਿਹੇ ਮੇਲ-ਜੋਲ ਦਾ ਸੱਦਾ ਮਿਲਦਾ ਹੈ, ਜਿਥੇ ਉਸ ਨੇ ਸਫਲਤਾ ਲਈ ਲੋੜੀਂਦੇ ਗੁਰ ਸਿੱਖੇ ਹੋਣ, ਤਾਂ ਇਹ ਸੱਦਾ ਇੱਕ ਕਰਜ਼ ਮੋੜਣ ਜਿਹਾ ਜਾਪਦਾ ਹੈ। ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ 'ਤੇ ਸ਼ਾਮਲ ਹੋਣ ਵਾਲਿਆਂ ਵਿੱਚ ਪ੍ਰੋ. ਮਹਿੰਦਰ ਸਿੰਘ ਸੱਲ, ਸਕੱਤਰ ਓ. ਐੱਸ. ਏ. , ਪ੍ਰੋ. ਭਾਗ ਸਿੰਘ ਸੰਧੂ, ਵਿੱਤ ਸਕੱਤਰ ਓ. ਐੱਸ. ਏ., ਪ੍ਰੋ. ਚਤਰ ਸਿੰਘ ਵਿਰਕ ਸ਼ਾਮਲ ਸਨ।
ਕਾਲਜ ਦੇ ਪੁਰਾਣੇ ਵਿਦਿਆਰਥੀ ਜਿਨ੍ਹਾਂ ਨੂੰ ਉਚੇਚੇ ਤੌਰ 'ਤੇ ਇਸ ਪ੍ਰੋਗਰਾਮ ਲਈ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਗਿਆ ਉਹ ਪ੍ਰਿੰਸੀਪਲ ਸਰਕਾਰੀ ਕਾਲਜ ਲੜਕੀਆਂ, ਮਾਲੇਰਕੋਟਲਾ ਡਾ. ਬਲਵਿੰਦਰ ਸਿੰਘ ਵੜੈਚ, ਪ੍ਰਿੰਸੀਪਲ ਸਰਕਾਰੀ ਕਾਲਜ, ਰੋਸ਼ਨਵਾਲਾ ਡਾ. ਜਰਨੈਲ ਸਿੰਘ, ਪ੍ਰਿੰਸੀਪਲ ਸਰਕਾਰੀ ਕਾਲਜ, ਮਾਲੇਰਕੋਟਲਾ ਪ੍ਰੋਫੈਸਰ (ਡਾ.) ਬਰਜਿੰਦਰ ਸਿੰਘ ਅਤੇ ਐਮ. ਐਮ. ਮੋਦੀ ਕਾਲਜ, ਪਟਿਆਲਾ ਵਿਖੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਤਨਵੀਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਨਾਲ ਆਪਣੇ ਕਾਲਜ ਵੇਲੇ ਦੇ ਤਜਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਇਸ ਸੁਨਹਿਰੀ ਪੜਾਅ ਦਾ ਭਰਪੂਰ ਲਾਹਾ ਲੈਣ ਦਾ ਸੁਨੇਹਾ ਦਿੱਤਾ ਅਤੇ ਨਾਲ ਆਪਣੀ ਸਫਲਤਾ ਵਿੱਚ ਕਾਲਜ ਦੇ ਅਧਿਆਪਕਾਂ ਦੇ ਯੋਗਦਾਨ ਦੀ ਭੂਮਿਕਾ ਦੀ ਮਹੱਤਵ ਦਸ ਦੇ ਹੋਏ ਮੌਜੂਦ ਵਿਦਿਆਰਥੀਆਂ ਨੂੰ ਅਧਿਆਪਕਾਂ ਦੇ ਗਿਆਨ ਅਤੇ ਤਜਰਬੇ ਤੋਂ ਸੇਧ ਲੈ ਕੇ ਜੀਵਨ ਸਫਲਾ ਕਰਨ ਲਈ ਸੱਦਾ ਦਿੱਤਾ। ਪ੍ਰੋ. ਹਬੀਬ ਨੇ ਆਪਣੇ ਗੀਤਾਂ ਨਾਲ ਸਮਾਂ ਬੰਨ੍ਹ ਦਿੱਤਾ।
ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਪੁਨੀਤ ਨੇ ਨਿਭਾਈ, ਪ੍ਰੋ. ਨਵਜੋਤ ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਓ. ਐੱਸ. ਏ. ਦੀ ਇਸ ਨਵੇਕਲੇ 'ਮਿਲਣੀ' ਉਪਰਾਲੇ ਦੀ ਮਹੱਤਤਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਜਾਣੂੰ ਕਰਵਾਇਆ, ਡਾ. ਸੁਵੀਰ ਸਿੰਘ ਨੇ ਪ੍ਰੋਗਰਾਮ ਦੇ ਅਖੀਰ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੋ. ਜਤਿੰਦਰ ਜੈਨ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਲਵਲੀਨ, ਪ੍ਰੋ. ਮੋ. ਸੁਹੇਲ, ਪ੍ਰੋ. ਯੋਧਾ ਸਿੰਘ, ਪ੍ਰੋ. ਰਿਤੂਪਰਨ ਕੋਸ਼ਲ, ਪ੍ਰੋ. ਵਿਲੀਅਮਜੀਤ, ਪ੍ਰੋ. ਰਣਦੀਪ ਸਿੰਘ ਅਤੇ ਪ੍ਰੋ. ਪਰਮਵੀਰ ਸਿੰਘ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ।