ਡੀ. ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ, ਮਾਲੇਰਕੋਟਲਾ ਦੇ ਪ੍ਰਧਾਨ ਸ਼ਰਨਵੀਰ ਸਿੰਘ ਅਤੇ ਜਨਰਲ ਸਕੱਤਰ ਸੰਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੁਪਰਡੰਟ ਗ੍ਰੇਡ-2 ਅਤੇ ਸੀਨੀਅਰ ਸਹਾਇਕ ਦੀਆਂ ਪ੍ਰਮੋਸ਼ਨਾਂ ਨਾ ਹੋਣ ਕਾਰਨ ਅਤੇ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਮੁਤਾਬਕ ਮਿਤੀ 25/08/2023 ਤੱਕ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸੂਬੇ ਦੇ ਡੀ.ਸੀ. ਦਫਤਰਾਂ, ਐਸ.ਡੀ.ਐਮ ਦਫਤਰ, ਤਹਿਸੀਲ ਦਫਤਰ ਅਤੇ ਸਬ-ਤਹਿਸੀਲਾਂ ਵਿੱਚ ਮਿਤੀ 11 ਸਤੰਬਰ ਤੋਂ 13 ਸਤੰਬਰ 2023 ਤੱਕ ਕਲਮਛੋੜ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਰੱਖਿਆ ਜਾਵੇਗਾ।
ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਜੀ ਦੇ ਦਫਤਰ ਵਲੋਂ ਜਥੇਬੰਦੀ ਨੂੰ ਮਿਤੀ 06/06/2023 ਨੂੰ ਮੰਗਾਂ ਸੰਬੰਧੀ ਮੀਟਿੰਗ ਪੱਤਰ ਜਾਰੀ ਕੀਤਾ ਗਿਆ। ਇਹ ਮੀਟਿੰਗ ਮਹਿਕਮੇ ਦੇ ਮਾਣਯੋਗ ਮਾਲ ਅਤੇ ਮੁੜ ਵਸੇਬਾ ਮੰਤਰੀ ਦੀ ਮੌਜੂਦਗੀ ਵਿੱਚ ਮਾਨਯੋਗ ਵਿੱਤ ਕਮਿਸ਼ਨਰ(ਮਾਲ) ਜੀ ਅਤੇ ਹੋਰ ਅਧਿਕਾਰੀ ਸਹਿਬਾਨ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਇਸ ਤੋਂ ਬਾਅਦ ਦੂਜੀ ਮੀਟਿੰਗ ਮਾਨਯੋਗ ਮਾਲ ਮੰਤਰੀ ਜੀ ਦੀ ਮਿਤੀ 04/07/2023 ਨੂੰ ਜਲੰਧਰ ਫੇਰੀ ਦੌਰਾਨ ਮਾਨਯੋਗ ਵਿੱਤ ਕਮਿਸ਼ਨਰ (ਮਾਲ) ਜੀ ਦੀ ਹਾਜ਼ਰੀ ਵਿੱਚ ਦਫਤਰ ਡਿਪਟੀ ਕਮਿਸ਼ਨਰ, ਜਲੰਧਰ ਵਿਖੇ ਹੋਈ।
ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਮੰਗਾਂ ਦੀ ਕਾਫੀ ਸਮੇਂ ਤੋਂ ਪੂਰਤੀ ਨਾ ਹੋਣ ਕਰਕੇ ਸੂਬੇ ਦੇ ਡੀ.ਸੀ. ਦਫਤਰ, ਐਸ.ਡੀ.ਐਮ ਦਫਤਰ, ਤਹਿਸੀਲ ਦਫਤਰ ਵਿੱਚ ਮਿਤੀ 11 ਸਤੰਬਰ ਤੋਂ 13 ਸਤੰਬਰ 2023 ਤੱਕ ਕਲਮਛੋੜ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਰੱਖਿਆ ਜਾਵੇਗਾ। ਜੇਕਰ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਜਥੇਬੰਦੀ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।