ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਚੋਣਾਂ ਨਾ ਲੜਨ ਦੇ ਐਲਾਨ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਹਲਕੇ ਨੂੰ ਲੈ ਕੇ ਕਈ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਲੋਕ ਸਭਾ ਹਲਕਾ ਗੁਰਦਾਸਪੁਰ ਬਾਰੇ ਹੈਰਾਨੀਜਨਕ ਤੱਥ ਇਹ ਹੈ ਕਿ ਇੱਥੇ ਕਿਸੇ ਵੀ ਪਾਰਟੀ ਕੋਲ ਅਜਿਹਾ ਕੋਈ ਸਥਾਨਕ ਚਿਹਰਾ ਨਹੀਂ ਹੈ, ਜਿਸ ਨੂੰ ਲੋਕ ਸਭਾ ਚੋਣ ਲਈ ਮਜ਼ਬੂਤ ਉਮੀਦਵਾਰ ਕਿਹਾ ਜਾ ਸਕੇ, ਜਦਕਿ ਸੰਨੀ ਦਿਓਲ ਤੋਂ ਦੁਖੀ ਹੋਏ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵੋਟਰ ਚਾਹੁੰਦੇ ਹਨ ਕਿ ਹਰ ਪਾਰਟੀ ਵੱਲੋਂ ਉਤਾਰਿਆ ਗਿਆ ਲੋਕ ਸਭਾ ਉਮੀਦਵਾਰ ਸਥਾਨਕ ਆਗੂ ਹੋਵੇ। ਸਾਰੀਆਂ ਪ੍ਰਮੁੱਖ ਪਾਰਟੀਆਂ ਭਾਜਪਾ, ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਵੇਂ ਚਿਹਰੇ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜੇਕਰ ਭਾਜਪਾ ਵੱਲੋਂ ਮੁੜ ਕਿਸੇ ਵੱਡੇ ਚਿਹਰੇ ਜਾਂ ਫ਼ਿਲਮੀ ਸਿਤਾਰੇ ਨੂੰ ਮੈਦਾਨ ’ਚ ਉਤਾਰਿਆ ਜਾਂਦਾ ਹੈ ਤਾਂ ਲੋਕ ਉਸ ’ਤੇ ਯਕੀਨ ਨਹੀਂ ਕਰਨਗੇ ਕਿਉਂਕਿ 2019 ਦੀਆਂ ਚੋਣਾਂ ਵਿਚ ਭਾਜਪਾ ਵੱਲੋਂ ਉੱਘੇ ਕਾਂਗਰਸੀ ਆਗੂ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਫ਼ਿਲਮ ਸਟਾਰ ਸੰਨੀ ਦਿਓਲ ਨੂੰ ਮੈਦਾਨ ’ਚ ਉਤਾਰਿਆ ਗਿਆ ਸੀ। ਉਸ ਸਮੇਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਕਾਂਗਰਸ ਦੇ ਤਤਕਾਲੀ ਸੂਬਾ ਪ੍ਰਧਾਨ ਸੁਨੀਲ ਜਾਖੜ ਮੈਦਾਨ ’ਚ ਉਤਾਰੇ ਗਏ ਸਨ। ਇਸ ਦੇ ਬਾਵਜੂਦ ਲੋਕਾਂ ਨੇ ਫਿਲਮ ਸਟਾਰ ਵਿਨੋਦ ਖੰਨਾ ਵੱਲੋਂ ਗੁਰਦਾਸਪੁਰ ਹਲਕੇ ਲਈ ਨਿਭਾਈਆਂ ਮਹਾਨ ਸੇਵਾਵਾਂ ਨੂੰ ਦੇਖਦੇ ਹੋਏ ਸੰਨੀ ਦਿਓਲ ਨੂੰ 82 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਜਿਤਾਇਆ ਪਰ ਜਿੱਤ ਤੋਂ ਬਾਅਦ ਸੰਨੀ ਦਿਓਲ ਨੇ ਹਲਕੇ ਦੇ ਲੋਕਾਂ ਨੂੰ ਬੇਵੱਸ ਛੱਡ ਦਿੱਤਾ। ਉਨ੍ਹਾਂ ਨੇ ਇਲਾਕੇ ਵੱਲ ਫੇਰ ਤੱਕ ਨਹੀਂ ਮਾਰਿਆ, ਪਿਛਲੇ ਪੰਜ ਸਾਲਾਂ ਦੌਰਾਨ ਕਈ ਵਾਰ ਗੁਰਦਾਸਪੁਰ ਅਤੇ ਪਠਾਨਕੋਟ ਦੇ ਇਲਾਕੇ ’ਚ ਉਸ ਦੇ ਲਾਪਤਾ ਹੋਣ ਦੇ ਪੋਸਟਰ ਲਾਏ ਗਏ ਪਰ ਉਸ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ, ਜਿਸ ਤੋਂ ਬਾਅਦ ਲੋਕਾਂ ਨੇ ਰਾਜਨੀਤੀ ਦੀ ਬਜਾਏ, ਉਸ ਨੂੰ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਲਈ ਉਸ ਦੀ ਫਿਲਮ ਗਦਰ-2 ਦੇ ਬਾਈਕਾਟ ਦਾ ਐਲਾਨ ਵੀ ਕੀਤਾ ਪਰ ਫਿਰ ਵੀ ਸੰਨੀ ਦਿਓਲ ਨੂੰ ਹਲਕੇ ਦੇ ਲੋਕਾਂ ਦੀ ਯਾਦ ਨਹੀਂ ਆਈ।
ਇਸ ਦੇ ਉਲਟ ਉਸ ਨੇ ਸਿਆਸਤ ਨੂੰ ਹਮੇਸ਼ਾ ਲਈ ਛੱਡਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਸੰਨੀ ਦਿਓਲ ਤੋਂ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਅਤੇ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿਤਾਇਆ, ਉਨ੍ਹਾਂ ਦੇ ਨਿਰਾਸ਼ਾ ਹੀ ਹੱਥ ਲੱਗੀ। ਸੰਨੀ ਦਿਓਲ ਦੇ ਮੈਦਾਨ ਛੱਡਣ ਤੋਂ ਬਾਅਦ ਜਿਥੇ ਸਾਰੀਆਂ ਪ੍ਰਮੁੱਖ ਪਾਰਟੀਆਂ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਲਈ ਸਗਰਮੀਆਂ ਵਧਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ, ਉਥੇ ਹੀ ਇਸ ਸੀਟ ਲਈ ਹਰ ਪਾਰਟੀ ਸਥਾਨਕ ਚਿਹਰੇ ਦੀ ਬਜਾਏ ਨਵੇਂ ਚਿਹਰੇ ਤੇ ਦਾਅ ਖੇਡਣ ਲਈ ਵੀ ਮਜਬੂਰ ਹੋਵੇਗੀ।