ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੰਗਲਵਾਰ ਨੂੰ ਦਿੱਲੀ ਜਾਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਯੋਗੀ ਆਦਿੱਤਿਆਨਾਥ ਪ੍ਰਧਾਨ ਮੰਤਰੀ ਮੋਦੀ ਨੂੰ ਅਯੋਧਿਆ ਰਾਮ ਮੰਦਰ ਦੇ ਉਦਘਾਟਨ ਅਤੇ ਪੂਜਾ ਲਈ ਸੱਦਾ ਦੇਣਗੇ। ਯੋਗੀ ਆਦਿੱਤਿਆਨਾਥ ਮੁਲਾਕਾਤ ਦੌਰਾਨ ਰਾਮ ਮੰਦਰ ਨਾਲ ਜੁੜੇ ਕੁੱਝ ਮਹੱਤਵਪੂਰਨ ਵਿਸ਼ਿਆਂ 'ਤੇ ਵੀ ਚਰਚਾ ਕਰ ਸਕਦੇ ਹਨ। ਰਾਮ ਮੰਦਰ 'ਚ ਪਹਿਲੀ ਪੂਜਾ ਪ੍ਰਧਾਨ ਮੰਤਰੀ ਮੋਦੀ ਦੇ ਹੱਥਾਂ 'ਚ ਹੀ ਹੋਣੀ ਹੈ। ਰਾਮ ਮੰਦਰ ਦਾ ਨਿਰਮਾਣ ਕਾਰਜ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਰਾਮ ਮੰਦਰ ਦਾ ਉਦਘਾਟਨ ਅਗਲੇ ਸਾਲ 2024 'ਚ ਜਨਵਰੀ ਦੇ ਮਹੀਨੇ 'ਚ ਹੋਣਾ ਹੈ ਅਤੇ ਇਸ਼ ਦੇ ਲਈ ਵੱਡੇ ਪੱਧਰ 'ਤੇ ਤਿਆਰੀਆਂ ਜਾਰੀ ਹਨ।
14 ਜਨਵਰੀ ਮਕਰ ਸੰਕ੍ਰਾਂਤੀ ਤੋਂ ਬਾਅਦ ਰਾਮ ਮੰਦਰ 'ਚ ਭਗਵਾਨ ਰਾਮਲੱਲਾ ਦੀ ਪੂਜਾ ਦੀ ਸੰਭਾਵਨਾ ਹੈ। ਟਰੱਸਟ ਵੱਲੋਂ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ। ਜੋਤਿਸ਼ਾਂ ਦੇ ਮੁਤਾਬਕ 21 ਤੋਂ 24 ਜਨਵਰੀ ਦੌਰਾਨ ਮੰਦਰ ਦਾ ਉਦਘਾਟਨ ਕੀਤਾ ਜਾ ਸਕਦਾ ਹੈ, ਇਸ ਲਈ ਤਾਰੀਖ਼ਾਂ ਭੇਜ ਦਿੱਤੀਆਂ ਗਈਆਂ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਆਪਣੇ ਕਾਰਜਕਾਲ ਦੇ ਹਿਸਾਬ ਨਾਲ ਹੀ ਤਾਰੀਖ਼ ਨਿਰਧਾਰਿਤ ਕਰਨਗੇ।
ਸਾਲ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ 'ਚ ਸਿਆਸੀ ਹਲਚਲ ਤੇਜ਼ ਹੋਣ ਲੱਗੀ ਹੈ। ਯੋਗੀ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਬੈਠਕ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਇਸ ਦੌਰਾਨ ਯੂ. ਪੀ. ਸਰਕਾਰ ਦੇ ਮੰਤਰੀ ਏ. ਕੇ. ਸ਼ਰਮਾ ਵੀ ਇਸ ਬੈਠਕ 'ਚ ਸ਼ਾਮਲ ਹੋਣਗੇ।