ਮੋਰੱਕੋ 'ਚ ਆਏ ਵਿਨਾਸ਼ਕਾਰੀ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2100 ਤੋਂ ਪਾਰ ਹੋ ਗਈ ਹੈ ਅਤੇ ਘੱਟੋ-ਘੱਟ 2421 ਲੋਕ ਜ਼ਖ਼ਮੀ ਹੋ ਗਏ ਹਨ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਦੇਰ ਰਾਤ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ ਨੂੰ ਆਏ ਭੂਚਾਲ 'ਚ 2122 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਬਚਾਅ ਕਰਮਚਾਰੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੇ ਹਨ।
ਮੰਤਰਾਲੇ ਦੇ ਅਨੁਸਾਰ, ਅਲ-ਹੌਜ਼ ਸੂਬੇ ਵਿੱਚ ਸਭ ਤੋਂ ਵੱਧ 1293 ਲੋਕਾਂ ਦੀ ਮੌਤ ਹੋਈ ਹੈ। ਕਿਹਾ ਗਿਆ ਹੈ ਕਿ ਘੱਟੋ-ਘੱਟ 2059 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ 1404 ਦੀ ਹਾਲਤ ਗੰਭੀਰ ਹੈ। ਮੋਰੱਕੋ ਦੀ ਸਰਕਾਰ ਨੇ ਭੂਚਾਲ ਤੋਂ ਬਾਅਦ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਮੋਰੱਕੋ 'ਚ ਸ਼ੁੱਕਰਵਾਰ ਨੂੰ 6.8 ਤੀਬਰਤਾ ਦਾ ਭੂਚਾਲ ਆਇਆ ਸੀ, ਜੋ ਪਿਛਲੇ 120 ਸਾਲਾਂ ਵਿੱਚ ਦੇਸ਼ 'ਚ ਆਉਣ ਵਾਲਾ ਸਭ ਤੋਂ ਭਿਆਨਕ ਭੂਚਾਲ ਹੈ।