ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਵਿਰੁੱਧ ਲਾਏ ਇਲਜ਼ਾਮਾਂ ਨੂੰ ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ-ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ‘ਚਿੰਤਾਜਨਕ’ ਕਰਾਰ ਦਿੱਤਾ ਹੈ। ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ (45) ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੇ ਸ਼ਾਮਲ ਹੋਣ ਦੇ ਟਰੂਡੋ ਵੱਲੋਂ ਲਗਾਏ ਦੋਸ਼ਾਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਨੇ ਮੰਗਲਵਾਰ ਨੂੰ ਆਪਣੇ-ਆਪਣੇ ਦੇਸ਼ਾਂ ਤੋਂ ਇੱਕ ਦੂਜੇ ਦੇ ਸੀਨੀਅਰ ਡਿਪਲੋਮੈਟਾਂ ਨੂੰ ਕੱਢ ਦਿੱਤਾ।
ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਬੇਬੁਨਿਆਦ’ ਕਰਾਰ ਦਿੰਦਿਆਂ ਸਖ਼ਤੀ ਨਾਲ ਰੱਦ ਕੀਤਾ ਹੈ। ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਅਤੇ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਨਿੱਝਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ 18 ਜੂਨ ਨੂੰ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ। ਇੰਗਲੈਂਡ 'ਚ ਸਿੱਖ ਬਹੁ-ਗਿਣਤੀ ਵਾਲੇ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੀ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਟਰੂਡੋ ਦੇ ਦੋਸ਼ਾਂ ਬਾਰੇ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਆਪਣੀਆਂ ਚਿੰਤਾਵਾਂ ਸਿੱਧੇ ਸਰਕਾਰ ਦੇ ਮੰਤਰੀਆਂ ਕੋਲ ਉਠਾ ਰਹੇ ਹਨ।
ਬਰਮਿੰਘਮ ਐਜਬੈਸਟਨ ਤੋਂ ਸੰਸਦ ਮੈਂਬਰ ਗਿੱਲ ਨੇ 'ਐਕਸ' 'ਤੇ ਕਿਹਾ ਕਿ ''ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਪ੍ਰਧਾਨ ਮੰਤਰੀ ਟਰੂਡੋ ਦਾ ਬਿਆਨ ਬੇਹੱਦ ਚਿੰਤਾਜਨਕ ਹੈ।'' ਉਨ੍ਹਾਂ ਕਿਹਾ ਕਿ ''ਇਹ ਜ਼ਰੂਰੀ ਹੈ ਕਿ ਕੈਨੇਡਾ ਆਪਣੀ ਜਾਂਚ ਕਰੇ ਅਤੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇ।'' ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਕਿ ਮੈਂ ਅਤੇ ਮੇਰੇ ਸਾਥੀ ਮੰਤਰੀਆਂ ਕੋਲ ਆਪਣੀਆਂ ਚਿੰਤਾਵਾਂ ਉਠਾ ਰਹੇ ਹਾਂ।'' ਸਲੋਹ ਸੀਟ ਤੋਂ ਸੰਸਦ ਮੈਂਬਰ ਢੇਸੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਮੁੱਦੇ 'ਤੇ ਬਹੁਤ ਸਾਰੇ ਬ੍ਰਿਟਿਸ਼ ਸਿੱਖ ਉਨ੍ਹਾਂ ਦੇ ਸੰਪਰਕ ਵਿੱਚ ਹਨ।