ਸੁਨਾਮ, (ਦਰਸ਼ਨ ਸਿੰਘ ਚੌਹਾਨ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਨੇ ਕਿਹਾ ਕਿ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸੁਨਾਮ ਵਿਖੇ ਸੈਨਿਕ ਸਕੂਲ ਖੋਲ੍ਹਣ ਲਈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ ਮੰਗ ਉਠਾਈ ਹੈ, ਇਸ ਸਬੰਧੀ ਬਕਾਇਦਾ ਲਿਖਤੀ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤ ਦੇ ਮੁੱਦੇ ਉਠਾਕੇ ਸੰਗਰੂਰ ਸੰਸਦੀ ਹਲਕੇ ਨੂੰ ਮੋਹਰੀ ਬਣਾਉਣ ਲਈ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ। ਸਨਿੱਚਰਵਾਰ ਨੂੰ ਸੁਨਾਮ ਵਿਖੇ ਨੌਜਵਾਨ ਆਗੂ ਗੋਬਿੰਦ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਨਾਂਅ ’ਤੇ ਸੈਨਿਕ ਸਕੂਲ ਖੋਲ੍ਹਣ ਦੀ ਮੰਗ ਕੀਤੀ ਹੈ। ਕੇਂਦਰ ਨੇ ਦੇਸ਼ ਵਿੱਚ 23 ਨਵੇਂ ਸੈਨਿਕ ਸਕੂਲ ਬਣਾਉਣੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਸੰਸਦੀ ਹਲਕੇ ਵਿੱਚ ਬਿਜਲੀ ਸਪਲਾਈ ਦੀਆਂ ਸਾਰੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰ ਦਿੱਤਾ ਜਾਵੇਗਾ। ਟੈਕਨੋ ਫਾਈਬਰ ਵਾਇਰਿੰਗ ਕਰਨ ਨਾਲ ਜਨਤਾ ਖੁੱਲ੍ਹੀਆਂ ਤਾਰਾਂ ਤੋਂ ਛੁਟਕਾਰਾ ਪਾਵੇਗੀ। ਬਰਨਾਲਾ ਵਿੱਚ 84 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਹਸਪਤਾਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਹਸਪਤਾਲ ਵਿੱਚ ਅਛੂਤ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ ਅਤੇ ਇੱਥੇ ਇੱਕ ਆਈਸੀਯੂ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸੰਗਰੂਰ ਸੰਸਦੀ ਹਲਕੇ ਦੇ ਹਰ ਕੋਨੇ ਨੂੰ ਸੀਸੀਟੀਵੀ ਕੈਮਰਿਆਂ ਨਾਲ ਲੈਸ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 60 ਸੜਕਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ਵਿੱਚ ਕੁਝ ਸੜਕਾਂ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਇਸ ਮੌਕੇ ਬਾਬਾ ਸ਼ਾਹਬਾਜ਼ ਸਿੰਘ ਡਸਕਾ, ਸੰਜੀਵ ਸਿੰਘ ਖਾਲਸਾ, ਅਜੇ ਗੋਇਲ, ਹਰਭਾਗ ਸਿੰਘ ਸਿੰਘਪੁਰਾ ,ਗੁਰਚਰਨ ਸਿੰਘ ਜਖੇਪਲ, ਜਗੀ ਸਿੰਘ, ਬਾਬਾ ਸਿੰਘ ਆਦਿ ਹਾਜ਼ਰ ਸਨ।