ਇਜ਼ਰਾਈਲ ਵੱਲੋਂ ਗਾਜ਼ਾ ’ਤੇ ਕੀਤੇ ਗਏ ਹਮਲੇ ਕਾਰਨ ਹਜ਼ਾਰਾਂ ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਇਹ ਵੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਮਲਬੇ ਹੇਠਾਂ ਵੀ ਲੋਕ ਦਬੇ ਹੋ ਸਕਦੇ ਹਨ। ਦੂਜੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੱਖਣੀ ਗਾਜ਼ਾ ਵਿੱਚ ਜੰਗਬੰਦੀ ’ਤੇ ਸਹਿਮਤੀ ਬਣਨ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ।
ਇਸ ਤੋਂ ਇਲਾਵਾ ਇਜ਼ਰਾਈਲ ਨੇ ਆਪਣੀ ਕਾਰਵਾਈ ਨੂੰ ਤੇਜ਼ ਕਰਦਿਆਂ ਕਿਹਾ ਹੈ ਕਿ ਲਿਬਨਾਨ ਦੀ ਸਰਹੱਦ ’ਤੇ 2 ਕਿਲੋਮੀਟਰ ਤੱਕ ਦਾ ਇਲਾਕਾ ਵੀ ਖਾਲੀ ਕਰਵਾਇਆ ਜਾਵੇਗਾ।
ਗਾਜ਼ਾ ਦੇ ਕਬਜ਼ਾ ਕਰਨ ਦੀ ਗ਼ਲਤੀ ਨਾ ਕਰੇ ਇਜ਼ਰਾਈਲ : ਬਾਇਡਨ
ਇਜ਼ਰਾਈਲ ਹਮਾਸ ਜੰਗ ਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਹਮਾਸ ਵਰਗੇ ਅਤਿਵਾਦੀ ਸੰਗਠਨ ਦਾ ਖ਼ਾਤਮਾ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਜ਼ਰਾਈਲ ਦੀ ਗਾਜ਼ਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਬਹੁਤ ਵੱਡੀ ਗ਼ਲਤੀ ਹੋਵੇਗੀ। ਅਮਰੀਕੀ ਰਾਸ਼ਟਰਪਤੀ ਨੇ ਫ਼ਲਸਤੀਨੀਆਂ ਲਈ ਇਕ ਵੱਖਰਾ ਦੇਸ਼ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਹਮਾਸ ਵਰਗੇ ਸੰਗਠਨਾਂ ਦਾ ਖ਼ਾਤਮਾ ਜ਼ਰੂਰੀ ਹੈ। ਫ਼ਲਸਤੀਨੀਆਂ ਦਾ ਵੀ ਵੱਖਰਾ ਦੇਸ਼ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਆਪਣੀ ਸਰਕਾਰ ਹੋਣੀ ਚਾਹੀਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਅਮਰੀਕੀ ਰਾਸ਼ਰਪਤੀ ਜੋਅ ਬਾਇਡਨ ਕੁੱਝ ਦਿਨਾਂ ਤੱਕ ਇਜ਼ਰਾਈਲ ਦਾ ਦੌਰਾ ਕਰ ਸਕਦੇ ਹਨ। ਪਰ ਜੇਕਰ ਵ੍ਹਾਈਟ ਹਾਊਸ ਦੇ ਸੂਤਰਾਂ ਦੀ ਮੰਨੀ ਜਾਵੇ ਤਾਂ ਅਜਿਹੀ ਕੋਈ ਤਾਰੀਖ ਹਾਲੇ ਤੱਕ ਤੈਅ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ 7 ਅਕਤੂਬਰ ਨੂੰ ਸ਼ੁਰੂ ਹੋਈ ਸੀ ਜਿਸ ਨੂੰ ਅੱਜ 10 ਦਿਨ ਬੀਤ ਚੁੱਕੇ ਹਨ। ਇਨ੍ਹਾਂ ਦਿਨਾਂ ਵਿੱਚ ਕੁੱਲ 2450 ਦੇ ਕਰੀਬ ਫ਼ਲਸਤੀਨੀਆਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਹਨ ਜਿਨ੍ਹਾਂ ਵਿਚ 724 ਤੋਂ ਵਧੇਰੇ ਬੱਚੇ ਅਤੇ 370 ਤੋਂ ਵੱਧ ਔਰਤਾਂ ਸ਼ਾਮਲ ਹਨ। ਦੂਜੇ ਪਾਸੇ ਹਮਾਸ ਵੱਲੋਂ ਕੀਤੇ ਹਮਲਿਆਂ ਕਾਰਨ 1400 ਦੇ ਕਰੀਬ ਇਜ਼ਰਾਈਲੀ ਮਾਰੇ ਜਾਣ ਦਾ ਖ਼ਦਸ਼ਾ ਜਿਤਾਇਆ ਜਾ ਰਿਹਾ ਹੈ।