ਚੰਡੀਗੜ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਵਿਰੁੱਧ ਆਪਣੀ ਲੜਾਈ ਨੂੰ ਜਾਰੀ ਰੱਖਦਿਆਂ, ਪੰਜਾਬ ਸਰਕਾਰ ਨੇ ਸੂਬੇ ਦੇ 5 ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿਆਂ ਵਿੱਚ 79 ਨਵੇਂ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ-19 ਦੇ ਇਲਾਜ ਲਈ ਟਰਸ਼ਰੀ ਸਿਹਤ ਸੰਭਾਲ ਕੇਂਦਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਉਨਾਂ ਕਿਹਾ ਕਿ ਜ਼ਿਲਾ ਅੰਮਿ੍ਰਤਸਰ, ਲੁਧਿਆਣਾ, ਐਸ.ਏ.ਐਸ.ਨਗਰ (ਮੁਹਾਲੀ), ਜਲੰਧਰ ਅਤੇ ਬਠਿੰਡਾ ਵਿੱਚ ਗੰਭੀਰ ਹਾਲਤ ਵਾਲੇ ਮਰੀਜਾਂ ਦੀ ਆਮਦ ਵਧੇਰੇ ਹੈ।
ਮੰਤਰੀ ਨੇ ਦੱਸਿਆ ਕਿ ਇਹਨਾਂ ਜ਼ਿਲਿਆਂ ਵਿੱਚ ਮਾਹਰ ਕਮੇਟੀ ਵਲੋਂ ਸਿਫਾਰਸ਼ ਕੀਤੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਅਜਿਹੇ ਹੋਰ ਹਸਪਤਾਲਾਂ ਦੀ ਲੋੜ ਹੈ ਤਾਂ ਜੋ ਕੋਵਿਡ-19 ਦੇ ਮਰੀਜਾਂ ਨੂੰ ਮਿਆਰੀ ਪੱਧਰ ਦੀ ਟਰਸ਼ਰੀ ਦੇਖਭਾਲ ਮੁਹੱਈਆ ਕਰਵਾਈ ਜਾ ਸਕੇ। ਉਨਾਂ ਕਿਹਾ ਕਿ ਮਾਹਰ ਕਮੇਟੀ ਦੁਆਰਾ ਸਿਫਾਰਸ਼ ਕੀਤੇ ਗਏ ਹਸਪਤਾਲ ਅਤੇ ਜਿਨਾਂ ਹਸਪਤਾਲਾਂ ਨੇ ਇਨਾਂ 5 ਜਿਲਿਆਂ ਵਿੱਚ ਸਵੈ-ਘੋਸ਼ਨਾ ਪੱਤਰ ਦਾਖਲ ਕੀਤੇ ਹਨ, ਨੂੰ ਹੁਣ ਕੋਵਿਡ-19 ਦੇ ਗੰਭੀਰ ਮਰੀਜਾਂ ਦੇ ਇਲਾਜ ਲਈ ਟਰਸ਼ਰੀ ਪੱਧਰ ਦੇ ਹਸਪਤਾਲ ਵਜੋਂ ਅਧਿਕਾਰਤ ਕੀਤਾ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਕੇਸ ਵੱਧਦੇ ਜਾ ਰਹੇ ਹਨ ਅਤੇ ਸਰਕਾਰ ਨੇ ਸੂਬੇ ਵਿੱਚ ਉੱਚ ਪੱਧਰ ਦੀਆਂ ਲੈਵਲ -2 ਅਤੇ ਲੈਵਲ -3 ਹਸਪਤਾਲ ਸਹੂਲਤਾਂ ਦਿੱਤੀਆਂ ਹਨ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ ਮੁਫਤ ਦਾ ਇਲਾਜ ਕਰਵਾ ਰਹੇ ਹਨ ਅਤੇ ਗੰਭੀਰ ਮਰੀਜ਼ ਜਿਨਾਂ ਨੂੰ ਸਰਕਾਰੀ ਹਸਪਤਾਲਾਂ ਤੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਂਦਾ ਹੈ, ਨੂੰ ਵੀ ਸੂਬਾ ਸਰਕਾਰ ਵੱਲੋਂ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਸ. ਸਿੱਧੂ ਨੇ ਕਿਹਾ ਕਿ ਕੇਸਾਂ ਨੂੰ ਠੱਲ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਰ ਵਿੱਚ ਰਾਤ ਦਾ ਕਰਫਿਊ ਲਗਾਉਣ ਦੇ ਆਦੇਸ਼ ਦਿੱਤੇ ਹਨ। ਸੂਬੇ ਵਿੱਚ ਕੋਵਿਡ -19 ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਵੱਧ ਤੋਂ ਵੱਧ ਲੋਕਾਂ ਦੇ ਟੀਕੇ ਲਗਾਉਣ ਲਈ ਸੂਬਾ ਸਰਕਾਰ ਨੇ 2261 ਸਰਕਾਰੀ ਅਤੇ 275 ਪ੍ਰਾਈਵੇਟ ਟੀਕਾਕਰਨ ਕੇਂਦਰ ਸਥਾਪਤ ਕੀਤੇ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਕੋਵਿਡ-19 ਨਾਲ ਨਜਿੱਠਣ ਲਈ ਢੁਕਵੇਂ ਵਿਵਹਾਰ ਅਤੇ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਨਾਂ ਯੋਗ ਲਾਭਪਾਤਰੀਆਂ ਨੂੰ ਜਲਦੀ ਤੋਂ ਜਲਦੀ ਟੀਕਾਕਰਨ ਦੀ ਅਪੀਲ ਵੀ ਕੀਤੀ।