ਮਾਲੇਰਕੋਟਲਾ :- ਜਿ਼ਲ੍ਹਾ ਮਾਲੇਰਕੋਟਲਾ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਐਮ ਐਲ ਏ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਈਡੀ ਵੱਲੋਂ ਕਥਿਤ ਹਿਰਾਸਤ `ਚ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਉਸ ਸਮੇਂ ਆਪਣੇ ਦਫ਼ਤਰ `ਚ ਪਾਰਟੀ ਦੇ ਬਲਾਕ ਪ੍ਰਧਾਨ ਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸਾਲ 2014 ਦੌਰਾਨ ਬੈਂਕ ਤੋਂ ਲਏ ਕਰੀਬ 40 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਿਸ ਵਿਚ ਐਮ ਐਲ ਏ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਤੋਂ ਪਹਿਲਾਂ ਵੀ ਸੀਬੀਆਈ ਤੇ ਈਡੀ ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਵੀ ਈਡੀ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਈਡੀ ਨੇ ਉਨ੍ਹਾਂ ਨੂੰ ਅਚਾਨਕ ਹਿਰਾਸਤ `ਚ ਲੈ ਲਿਆ। ਈਡੀ ਦੀ ਟੀਮ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਜਲੰਧਰ ਲੈ ਗਈ ਹੈ।
ਗੱਜਣਮਾਜਰਾ ਬੈਂਕ ਘਪਲੇ ਦੇ ਮਾਮਲੇ ਵਿੱਚ ਦੋਸ਼ੀ ਬਣਾਏ ਗਏ ਸੱਤ ਲੋਕਾਂ ਅਤੇ ਕੰਪਨੀਆਂ ਵਿੱਚੋਂ ਇਕ ਹਨ। ਦੋਸ਼ੀਆਂ ਵਿੱਚ ਬਲਵੰਤ ਸਿੰਘ, ਕੁਲਵੰਤ ਸਿੰਘ, ਤੇਜਿੰਦਰ ਸਿੰਘ, ਮੈਸ. ਤਾਰਾ ਹੈਲਥ ਫ਼ੂਡਸ ਲਿਮਟਿਡ, ਇਸ ਦੇ ਨਿਰਦੇਸ਼ਕ ਦੇ ਰਾਹੀਂ ਮੈਸ ਤਾਰਾ ਕਾਰਪੋਰੇਸ਼ਨ ਲਿਮਟਿਡ (ਬਦਲਾ ਹੋਇਆ ਨਾਮ ਮਲੌਦ ਐਗਰੋ ਲਿਮਟਿਡ) ਅਤੇ ਲੋਕ ਸੇਵਕ/ਨਿੱਜੀ ਵਿਅਕਤੀ ਵੀ ਸ਼ਾਮਲ ਹਨ। ਲੁਧਿਆਣਾ ਵਿੱਚ ਬੈਂਕ ਆਫ਼ ਇੰਡੀਆ ਦੀ ਇਕ ਸ਼ਾਖਾ ਵੱਲੋਂ ਮਾਲੇਰਕੋਟਲਾ ਦੇ ਗੈਂਸਪੁਰਾ ਵਿੱਚ ਗੱਜਣਮਾਜਰਾ ਦੀ ਫਰਮ ਦੇ ਵਿਰੁਧ ਸ਼ਿਕਾਇਤ ਤੋਂ ਬਾਅਦ ਸੀ.ਬੀ.ਆਈ. ਦੀ ਜਾਂਚ ਕੀਤੀ ਗਈ ਸੀ। ਅਨਾਜ ਦਾ ਵਪਾਰ ਕਰਨ ਵਾਲੀ ਇਸ ਕੰਪਨੀ ਨੂੰ 2011 ਤੋਂ 2014 ਦਰਮਿਆਨ ਚਾਰ ਅੰਤਰਾਲਾਂ ਤੇ ਬੈਂਕ ਵੱਲੋਂ ਕਰਜ਼ਾ ਮਨਜੂਰ ਕੀਤਾ ਗਿਆ ਸੀ।