ਸੁਨਾਮ, (ਦਰਸ਼ਨ ਸਿੰਘ ਚੌਹਾਨ) : ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸੁਰੱਖਿਆਤਮਕ ਮਾਹੌਲ ਦੇਣ ਦੇ ਮੱਦੇਨਜ਼ਰ ਸੋਮਵਾਰ ਨੂੰ ਸੁਨਾਮ ਵਿਖੇ ਡੀਐਸਪੀ ਭਰਪੂਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ ਗਿਆ। ਤਿਉਹਾਰਾਂ ਨੂੰ ਮੁੱਖ ਰੱਖਦਿਆਂ ਮੁਕਾਮੀ ਪੁਲਿਸ ਨੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਨਵਾਂ ਬਾਜ਼ਾਰ, ਸਿਨੇਮਾ ਰੋਡ, ਸਟੇਡੀਅਮ ਰੋਡ ਸਮੇਤ ਹੋਰਨਾਂ ਥਾਵਾਂ ਤੇ ਪੁਲਿਸ ਫੋਰਸ ਦੇ ਜਵਾਨਾਂ ਨੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ । ਇਸ ਮੌਕੇ ਡੀਐਸਪੀ ਭਰਪੂਰ ਸਿੰਘ, ਥਾਣਾ ਸ਼ਹਿਰੀ ਸੁਨਾਮ ਦੇ ਐਸ ਐਚ ਓ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਅਤੇ ਐਸ ਐਚ ਓ ਲੌਂਗੋਵਾਲ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਫਲੈਗ ਮਾਰਚ ਕੀਤਾ ਗਿਆ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੁਲਿਸ ਦੀ ਮੁੱਢਲੀ ਤਰਜੀਹ ਹੈ, ਇਲਾਕੇ ਅੰਦਰ ਕਿਸੇ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਡੀਐਸਪੀ ਭਰਪੂਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਇਸ ਮੌਕੇ ਐਸ ਐਚ ਓ ਚੀਮਾਂ ਇੰਸਪੈਕਟਰ ਲਖਵੀਰ ਸਿੰਘ, ਟਰੈਫਿਕ ਇੰਚਾਰਜ਼ ਸਹਾਇਕ ਥਾਣੇਦਾਰ ਦੀਪਕ ਪਾਠਕ, ਏ ਐਸ ਆਈ ਜਰਨੈਲ ਸਿੰਘ ਮੰਗਵਾਲ, ਸਹਾਇਕ ਥਾਣੇਦਾਰ ਮਲਕੀਤ ਸ਼ਰਮਾ, ਹੌਲਦਾਰ ਗੁਰਜੀਤ ਸਿੰਘ ਰਾਜੂ, ਸੁਖਵਿੰਦਰ ਸਿੰਘ ਸੁੱਖੀ ਤੇ ਵੱਡੀ ਗਿਣਤੀ ਵਿੱਚ ਏਆਰਪੀ ਦੇ ਜਵਾਨ ਵੀ ਸ਼ਾਮਿਲ ਸਨ।