ਇਜ਼ਰਾਈਲ : Israel Gaza Attack ਇਜ਼ਰਾਈਲ ਅਤੇ ਹਮਾਸ ਵਿਚਾਲੇ ਲੜਾਈ ਲੱਗੀ ਨੂੰ ਇਕ ਮਹੀਨਾ ਹੋ ਗਿਆ ਹੈ। ਗਾਜ਼ਾ ਵਿੱਚ ਇਸ ਜੰਗ ਦੇ ਚਲਦਿਆਂ ਲਗਪਗ 10 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਗਵਾਉਣ ਪੈ ਗਈ ਹੈ। ਸਥਾਨਕ ਖ਼ਬਰ ਏਜੰਸੀਆਂ ਅਨੁਸਾਰ ਫ਼ਲਸਤੀਨੀ ਸਿਹਤ ਅਧਿਕਾਰੀਆਂ ਦੇ ਅਨੁਸਾਰ ਇਸ ਜੰਗ ਵਿੱਚ ਮਰਨ ਵਾਲੇ ਫ਼ਲਸਤੀਨੀ ਨਾਗਰਿਕਾਂ ਦੀ ਗਿਣਤੀ 10022 ਦੇ ਕਰੀਬ ਪਹੁੰਚ ਚੁੱਕੀ ਹੈ। ਅਧਿਕਾਰੀਆਂ ਨੇ ਦਸਿਆ ਹੈ ਕਿ 4104 ਤਾਂ ਬੱਚੇ ਹੀ ਹਨ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਲੋਕਾਂ ਦੇ ਮਲਬੇ ਹੇਠਾਂ ਦਬੇ ਹੋਣ ਦੀ ਅਸ਼ੰਕਾ ਦੱਸੀ ਹੈ। ਅਧਿਕਾਰੀਆਂ ਨੇ ਮਲਬੇ ਹੇਠਾਂ 2000 ਦੇ ਕਰੀਬ ਲੋਕਾਂ ਦੇ ਦਬੇ ਹੋਣ ਦੀ ਗੱਲ ਆਖੀ ਹੈ। ਅਧਿਕਾਰੀਆਂ ਨੇ ਮੀਡੀਆ ਨੂੰ ਦਸਿਆ ਹੈ ਕਿ ਮਸ਼ੀਨਰੀ ਦੀ ਕਮੀ ਕਾਰਨ ਇਨ੍ਹਾਂ ਲੋਕਾਂ ਨੂੰ ਮਲਬੇ ਹੇਠੋਂ ਕੱਢਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਸਥਾਨਕ ਮੀਡੀਆ ਏਜੰਸੀਆਂ ਨੇ ਦਸਿਆ ਹੈ ਕਿ ਇਜ਼ਰਾਈਰੀ ਘੇਰਾ ਬੰਦੀ ਕਾਰਨ ਲੋਕਾਂ ਨੂੰ ਤੇਲ, ਭੋਜਨ ਅਤੇ ਬਿਜਲੀ ਵਰਗੀਆਂ ਮੁਢਲੀਆਂ ਵਸਤੂਆਂ ਵੀ ਨਹੀਂ ਮਿਲ ਰਹੀਆਂ ਹਨ। ਇਥੇ ਜ਼ਿਕਰਯੋਗ ਹੈ ਕਿ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ ਕਰ ਦਿੱਤਾ ਸੀ ਜਿਸ ਵਿੱਚ 1400 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜਾ ਵਿੱਚ ਹਮਾਸ ’ਤੇ ਜ਼ਬਰਦਸਤ ਹਮਲੇ ਕੀਤੇ।
ਇਜ਼ਰਾਈਲ ਹਮਾਸ ਦੀ ਆਪਸੀ ਲੜਾਈ ਵਿੱਚ ਹਿਜ਼ਬੁੱਲਾ ਵੀ ਹਮਲੇ ਕਰ ਰਿਹਾ ਹੈ। ਹਿਜ਼ਬੁੱਲਾ ਕੱਟੜਪੰਥੀ ਇਜ਼ਰਾਈਲ ਉਪਰ ਐਂਟੀ ਟੈਂਕਾਂ ਨਾਲ ਹਮਲੇ ਕਰ ਰਿਹਾ ਹੈ। ਇਸ ਸੱਭ ਨੂੰ ਦੇਖਦਿਆਂ ਬ੍ਰਿਟੇਨ ਨੇ ਸਾਵਧਾਨੀ ਦੇ ਤੌਰ ’ਤੇ ਲਿਬਨਾਨ ਤੋਂ ਬ੍ਰਿਟਿਸ਼ ਦੂਤਾਵਾਸ ਦੇ ਕੁੱਝ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਵੀ ਲਿਆ ਹੈ।