ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੇ ਫੋਕਲ ਪੁਆਇੰਟ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਅਤੇ ਇੱਥੇ ਸਥਿਤ ਸਨਅਤਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਫੋਕਲ ਪੁਆਇੰਟ ਇੰਡਸਟ੍ਰੀਜ਼ ਐਸੋਸੀਏਸ਼ਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਫੋਕਲ ਪੁਆਇੰਟ ਤੇ ਦੌਲਤਪੁਰ ਵਿਖੇ ਬਣ ਰਹੇ ਸਨਅਤ ਜੋਨ ਨੂੰ ਲੱਗਦੇ ਦੌਲਤਪੁਰ ਵੱਡੀ ਨਦੀ ਦਾ ਪੁਲ ਬਣਾਉਣ ਦਾ ਕੰਮ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਰਜੇ ਜਾ ਰਹੇ ਸਨਅਤ ਪੱਖੀ ਮਾਹੌਲ ਦੌਰਾਨ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪਟਿਆਲਾ ਦੇ ਫੋਕਲ ਪੁਆਇੰਟ ਵਿਖੇ ਉਦਯੋਗਾਂ ਤੇ ਕਾਮਿਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।
ਮੀਟਿੰਗ ਮੌਕੇ ਫੋਕਲ ਪੁਆਇੰਟ ਇੰਡਸਟ੍ਰੀਜ਼ ਐਸੋਸੀਏਸ਼ਨ ਵੱਲੋਂ ਰੱਖੇ ਗਏ ਮੁੱਦਿਆਂ, ਦਰਖਤਾਂ ਦੀ ਦੇਖ-ਰੇਖ ਤੇ ਕਟਾਈ, ਸੜਕਾਂ ਦੀ ਮੁਰੰਮਤ, ਸੀ.ਐਸ.ਆਈ. ਹਸਪਤਾਲ, ਸੀਵਰੇਜ ਡਿਸਪੋਜ਼ਲ, ਸਟਰੀਟ ਲਾਇਟਾਂ, ਫੋਕਲ ਪੁਆਇੰਟ ਚੌਂਕ ਦੀਆਂ ਟ੍ਰੈਫਿਕ ਲਾਇਟਾਂ, ਸਰਹਿੰਦ ਰੋਡ ਤੇ ਉਤਰੀ ਬਾਈਪਾਸ ਸਮੇਤ ਅੰਦਰੂਨੀ ਸੜਕਾਂ, ਟ੍ਰਾਂਸਫਾਰਮਰ ਦੀ ਸਮਰੱਥਾ ਵਧਾਉਣ, ਔਰਤ ਵਰਕਰਾਂ ਲਈ ਨਾਈਟ ਸ਼ਿਫਟ, ਪਾਰਕਾਂ ਆਦਿ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਇਨ੍ਹਾਂ ਮੁੱਦਿਆਂ 'ਤੇ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਬੈਠਕ ਦੌਰਾਨ ਫੋਕਲ ਪੁਆਇੰਟ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਨੁਮਾਇੰਦੇ ਰੋਹਿਤ ਬਾਂਸਲ, ਅਸ਼ਵਨੀ ਕੁਮਾਰ, ਮਨੀਸ਼ ਸ਼ਰਮਾ, ਅਮਨਦੀਪ ਸਿੰਘ ਆਦਿ ਸਮੇਤ ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ, ਜ਼ਿਲ੍ਹਾ ਉਦਯਗ ਕੇਂਦਰ ਦੇ ਮੈਨੇਜਰ ਅੰਗਦ ਸਿੰਘ ਸੋਹੀ, ਨਗਰ ਨਿਗਮ ਦੇ ਐਕਸੀਐਨ ਗੁਰਪ੍ਰੀਤ ਵਾਲੀਆ, ਮੰਡੀ ਬੋਰਡ ਦੇ ਐਸ.ਡੀ.ਓ. ਪੰਕਜ ਕੁਮਾਰ, ਸਹਾਇਕ ਸਿਵਲ ਸਰਜਨ ਡਾ ਰਚਨਾ, ਬਿਜਲੀ ਨਿਗਮ, ਲੋਕ ਨਿਰਮਾਣ ਵਿਭਾਗਾਂ ਦੇ ਅਧਿਕਾਰੀ, ਡਿਪਟੀ ਡਾਇਰੈਕਟਰ ਫੈਕਟਰੀਜ਼ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।