ਫਤਹਿਗੜ੍ਹ ਸਾਹਿਬ : ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਦੇ ਕੰਮਕਾਜ ਸਮੇਂ ਸਿਰ ਨਿਪਟਾ ਕੇ ਜਿੱਥੇ ਅਧਿਕਾਰੀਆਂ ਜਾ ਕਰਮਚਾਰੀ ਨੂੰ ਖੁਸ਼ੀ ਮਿਲਦੀ ਹੈ ਉੱਥੇ ਹੀ ਲੋਕਾਂ ਦਾ ਸਰਕਾਰ ਸਿਸਟਮ ਪ੍ਰਤੀ ਵਿਸਵਾਸ ਤੇ ਭਰੋਸਾ ਹੋਰ ਵੱਧਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੇ ਕੰਮ ਦਾ ਆਨੰਦ ਮਾਨਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਗਸਿਪਾ (ਮਹਾਤਾਮਾਂ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟਰੇਸ਼ਨ) ਵੱਲੋਂ ਬੱਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਦੋ ਦਿਨਾਂ ''ਸੇਵਉੱਤਮ''ਟ੍ਰੇਨਿੰਗ ਪ੍ਰੋਗਰਾਮ ਦੀ ਸੁਰੂਆਤ ਮੌਕੇ ਇੰਸਟੀਚਿਊਟ ਤੋਂ ਇੰਜੀ.ਹਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕੀਤਾ।
ਇੰਜੀ.ਹਰਜੀਤ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਇਹ ਮੰਨਦੇ ਹਾਂ ਕਿ 'ਕੰਮ ਹੀ ਪੂਜਾ ਹੈ' ਤਾਂ ਜਿਸ ਸੰਸਥਾਂ ਵਿੱਚ ਅਸੀਂ ਕੰਮ ਕਰ ਰਹੇ ਹਾਂ ਉਹ ਸਾਡੇ ਲਈ ਕਿਸੇ ਵੀ ਧਾਰਮਿਕ ਸਥਾਨ ਤੋਂ ਘੱਟ ਨਹੀਂ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਸੇਵਾ ਭਾਵਨਾ ਨਾਲ ਸਮਰਪਿਤ ਹੋ ਕੇ ਮਿਲੇ ਕੰਮ ਨੂੰ ਬੜੀ ਖੁਸ਼ੀ ਖੁਸ਼ੀ ਕਰਨਾ ਚਾਹੀਦਾ ਹੈ। ਇਸ ਦੋ ਰੋਜਾ ਟ੍ਰੇਨਿੰਗ ਦੇ ਪਹਿਲੇ ਦਿਨ ਅਧਿਕਾਰੀਆਂ ਨੂੰ ਮੈਗਸਿਪਾ ਵੱਲੋਂ ਸੁਰੂ ਕੀਤੇ ''ਸੇਵਉੱਤਮ''ਟ੍ਰੇਨਿੰਗ ਪ੍ਰੋਗਰਾਮ ਦੇ ਟੀਚੇ ਬਾਰੇ ਦੱਸਿਆ ਗਿਆ ਅਤੇ ਇਸਦੇ ਨਾਲ ਹੀ ਸਰਕਾਰੀ ਨਿਯਮਾਂ, ਰੂਲਾਂ ਅਤੇ ਨਵੇਂ ਐਕਟ, ਨਵੀਂਆ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਇਸ ਮੌਕੇ ਸ੍ਰੀਮਤੀ ਇੰਦਰਵੀਰ ਕੌਰ ਮਾਨ, ਪੀ.ਸੀ.ਐਸ ਖੇਤਰੀ ਪ੍ਰੋਜੈਕਟ ਡਾਇਰਕੈਟਰ ਮੈਗਸਿਪਾ ਪਟਿਆਲਾ, ਸ੍ਰੀ ਸਤੀਸ਼ ਕੁਮਾਰ, ਸ੍ਰੀ ਅਮਰਜੀਤ ਸਿੰਘ ਸੋਢੀ, ਪ੍ਰੋ.ਕਮਲੇਸ਼ ਮੋਹਿੰਦਰੋ ਸਮੇਤ ਹੋਰ ਅਧਿਕਾਰੀਆਂ ਨੇ ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ।