ਸੁਨਾਮ : ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਆਈਟੀਆਈ ਸੁਨਾਮ ਦੇ ਨਵ ਨਿਯੁਕਤ ਚੇਅਰਮੈਨ ਗਹੀਰ ਐਗਰੋ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਨਾਮਵਰ ਉਦਯੋਗਪਤੀ ਸੁਰਜੀਤ ਸਿੰਘ ਗਹੀਰ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਚੇਅਰਮੈਨ ਦਾ ਅਹੁਦਾ ਸੰਭਾਲਿਆ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਮੇਂ ਦਾ ਹਾਣੀ ਬਣਾਉਣ ਵਾਸਤੇ ਨਵੇਂ ਬਣੇ ਚੇਅਰਮੈਨ ਅਤੇ ਪ੍ਰਿੰਸੀਪਲ ਕੋਲੋਂ ਸੁਝਾਅ ਵੀ ਮੰਗੇ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਕਿੱਤਾਮੁਖੀ ਕੋਰਸਾਂ ਵੱਲ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਆਈਟੀਆਈ ਵਿੱਚ ਸਿਖਲਾਈ ਹਾਸਿਲ ਕਰਨ ਉਪਰੰਤ ਨੌਕਰੀਆਂ ਦੇ ਸਮਰੱਥ ਹੋ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਹੁਨਰ ਵਿਕਾਸ ਨੂੰ ਤਰਜੀਹ ਦੇ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਵਧੇਰੇ ਕਰਕੇ ਹੁਨਰਮੰਦ ਬਣਾਇਆ ਜਾ ਸਕੇ। ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਨਿਰੰਤਰ ਵਧ ਰਿਹਾ ਰੁਝਾਨ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰ ਯਤਨ ਕਰ ਰਹੀ ਹੈ, ਕਿਸੇ ਵੀ ਸਰਕਾਰ ਲਈ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਇੱਕਦਮ ਰੋਕਿਆ ਜਾਣਾ ਆਸਾਨ ਨਹੀਂ ਹੈ। ਚੇਅਰਮੈਨ ਸੁਰਜੀਤ ਸਿੰਘ ਗਹੀਰ ਨੇ ਕਿਹਾ ਕਿ ਸਿੱਖਿਆਰਥੀਆਂ ਅਤੇ ਸੰਸਥਾ ਦੇ ਹਿੱਤਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਉਪਰਾਲੇ ਕੀਤੇ ਜਾਣਗੇ । ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਵੱਲ ਆਕਰਸ਼ਿਤ ਕਰਨ ਦੀ ਯੋਜਨਾ 'ਤੇ ਕੰਮ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਪ੍ਰਿੰਸੀਪਲ ਰਣਜੀਤ ਸਿੰਘ ਜਵੰਧਾ, ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਜੁਨੇਜਾ, ਰਵੀਕਮਲ ਗੋਇਲ, ਮੈਂਬਰ ਰਮਨ ਗਰਗ, ਹਰਦੀਪ ਸਿੰਘ, ਸੰਦੀਪ ਸਿੰਘ ਸਮੇਤ ਆਈਟੀਆਈ ਦੇ ਸਟਾਫ ਮੈਂਬਰ ਹਾਜ਼ਰ ਸਨ।