ਪਟਿਆਲਾ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ (400th Prakash Purab of Guru Tegh Bahadur Ji) ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ 'ਚ ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਪਟਿਆਲਾ ਹਰਿੰਦਰ ਕੌਰ ਦੀ ਅਗਵਾਈ 'ਚ ਆਨ ਲਾਈਨ ਦਸਤਾਰਬੰਦੀ ਮੁਕਾਬਲੇ ਕਰਵਾਏ ਜਾ ਰਹੇ ਹਨ। ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵੱਲੋਂ ਕਰਵਾਏ ਗਏ ਆਨ ਲਾਈਨ ਦਸਤਾਰਬੰਦੀ ਮੁਕਾਬਲਿਆਂ 'ਚ ਸ਼ਰਨਦੀਪ ਸਿੰਘ ਚੀਮਾ ਬਾਰਵੀਂ ਜਮਾਤ ਨੇ ਪਹਿਲਾ, ਹਰਪ੍ਰੀਤ ਸਿੰਘ ਸੂਹਰੋਂ ਬਾਰਵੀਂ ਜਮਾਤ ਨੇ ਦੂਸਰਾ ਤੇ ਸ਼ਰਨਜੀਤ ਸਿੰਘ ਸੰਧੂ ਸਿਉਣਾ ਬਾਰਵੀਂ ਜਮਾਤ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਇਨਾਮ ਤਕਸੀਮ ਕੀਤੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਿੱਖ ਗੁਰੂਆਂ ਦੀਆਂ ਲਾਸਾਨੀ ਸ਼ਹਾਦਤਾਂ ਬਾਰੇ ਜਾਣੂ ਕਰਵਾਉਣ ਲਈ, ਅਜਿਹੇ ਮੁਕਾਬਲੇ ਕਰਵਾਉਣ ਪੰਜਾਬ ਸਰਕਾਰ ਦਾ ਨਿੱਗਰ ਉਪਰਾਲਾ ਹੈ। ਜਿਸ ਨਾਲ ਨਵੀਂ ਪੀੜ੍ਹੀ 'ਚ ਨੈਤਿਕ ਕਦਰਾਂ ਕੀਮਤਾਂ ਪੈਦਾ ਹੁੰਦੀਆਂ ਹਨ ਅਤੇ ਇਤਿਹਾਸ ਤੋਂ ਮਹਾਨ ਵਿਰਸੇ ਬਾਰੇ ਪ੍ਰੇਰਨਾ ਵੀ ਮਿਲਦੀ ਹੈ। ਉਨ੍ਹਾਂ ਦਸਤਾਰਬੰਦੀ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਇਕਬਾਲ ਸਿੰਘ, ਰਮੇਸ਼ ਕੁਮਾਰ ਤੇ ਰਾਮਰਤਨ ਸਿੰਘ ਵੀ ਹਾਜ਼ਰ ਸਨ।