ਚੰਡੀਗੜ:ਪੰਜਾਬ ਦੇ ਜਲ ਸ੍ਰੋਤ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ, ਮਾਲ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਮੁਕਤਸਰ ਅਤੇ ਫਾਜ਼ਿਲਕਾ ਜ਼ਿਲੇ ਦੇ ਮੀਂਹ ਨਾਲ ਪ੍ਰਭਾਵਿਤ ਦਰਜਨ ਤੋਂ ਵੱਧ ਪਿੰਡ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਜਲ ਨਿਕਾਸੀ ਦੀ ਪ੍ਰਭਾਵੀ ਕਾਰਜ ਯੋਜਨਾ ਲਾਗੂ ਕਰਨ ਦੇ ਹੁਕਮ ਸਬੰਧਤ ਵਿਭਾਗਾਂ ਨੂੰ ਦਿੱਤੇ।ਇਸ ਮੌਕੇ ਉਨਾਂ ਨਾਲ ਜਲਾਲਾਬਾਦ ਦੇ ਵਿਧਾਇਕ ਸ੍ਰੀ ਰਮਿੰਦਰ ਆਵਲਾ ਤੇ ਬੱਲੂਆਣਾ ਦੇ ਵਿਧਾਇਕ ਸ੍ਰੀ ਨੱਥੂ ਰਾਮ ਵੀ ਹਾਜ਼ਰ ਸਨ।
ਜਲ ਸ੍ਰੋਤ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਇਸ ਮੌਕੇ ਆਖਿਆ ਕਿ ਸੇਮ ਨਾਲਿਆਂ ਸਬੰਧੀ ਵਿਆਪਕ ਪਲਾਨਿੰਗ ਦੀ ਲੋੜ ਹੈ ਅਤੇ ਸਰਕਾਰ ਵੱਲੋਂ ਵਿਭਾਗ ਨੂੰ ਇਸ ਸਬੰਧੀ ਲੰਬੇ ਸਮੇਂ ਲਈ ਹੰਢਣਸਾਰ ਪ੍ਰੋਜੈਕਟ ਤਿਆਰ ਕਰਨ ਲਈ ਆਖਿਆ ਗਿਆ ਹੈ। ਉਨਾਂ ਨੇ ਆਖਿਆ ਕਿ ਫੌਰੀ ਤੌਰ ਤੇ ਪਾਣੀ ਨਿਕਾਸੀ ਲਈ ਲਿਫਟ ਪੰਪਾਂ ਅਤੇੇ ਟਰਾਂਸਫਾਰਮਰਾਂ ਦਾ ਹੋਰ ਪ੍ਰਬੰਧ, ਕਰਨ ਦੇ ਹੁਕਮ ਵਿਭਾਗ ਨੂੰ ਦਿੱਤੇ ਗਏ ਹਨ। ਉਨਾਂ ਨੇ ਆਖਿਆ ਕਿ ਵਿਭਾਗ ਦੀ ਪ੍ਰਾਥਮਿਕਤਾ ਹੈ ਕਿ ਤੁਰੰਤ ਖੇਤਾਂ ਅਤੇ ਅਬਾਦੀ ਖੇਤਰਾਂ ਵਿੱਚੋ ਪਾਣੀ ਕੱਢਿਆ ਜਾਵੇ ਅਤੇ ਫਿਰ ਵਿਆਪਕ ਯੋਜਨਾ ਬੰਦੀ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ।ਇਸ ਮੌਕੇ ਜਲ ਸ੍ਰੋਤ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਸਾਰੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਨਿਗਰਾਨੀ ਲਈ ਪਿੰਡ ਵਾਰ ਨੋਡਲ ਅਫਸਰ ਲਗਾਏ ਜਾਣ।
ਮਾਲ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਸਰਕਾਰ ਵੱਲੋਂ ਵਿਸ਼ੇਸ ਗਿਰਦਾਵਰੀ ਦੇ ਹੁਕਮ ਕਰ ਦਿੱਤੇ ਗਏ ਹਨ। ਉਨਾਂ ਨੇ ਕਿਹਾ ਕਿ ਵਿਭਾਗ ਨੂੰ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਯੋਗ ਪੀੜਤ ਮੁਆਵਜੇ ਤੋਂ ਵਾਂਝਾ ਨਾ ਰਹੇ। ਉਨਾਂ ਨੇ ਕਿਹਾ ਕਿ ਬਾਰਿਸ਼ ਨਾਲ ਜਿਨਾਂ ਦੇ ਮਕਾਨਾਂ ਨੂੰ ਨੁਕਸਾਨ ਹੋਇਆ ਹੈ, ਉਸਦਾ ਵੀ ਸਰਵੇ ਕਰਵਾ ਕੇ ਸਰਕਾਰ ਦੀ ਨੀਤੀ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ ਆਖਿਆ ਕਿ ਪਸ਼ੂਆਂ ਲਈ ਚਾਰੇ ਦੀ ਵਿਵਸਥਾ ਕਰਨ ਲਈ ਵੀ ਜ਼ਿਲਾ ਪ੍ਰਸ਼ਾਸਨ ਨੂੰ ਆਖਿਆ ਗਿਆ ਹੈ।ਮਾਲ ਮੰਤਰੀ ਨੇ ਆਖਿਆ ਕਿ ਜ਼ਿਲਾ ਪ੍ਰਸ਼ਾਸਨ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਮਗਨਰੇਗਾ ਤਹਿਤ ਜਾਬ ਕਾਰਡ ਧਾਰਕਾਂ ਨੂੰ ਵੱਧ ਤੋਂ ਵੱਧ ਕੰਮ ਦਿੱਤਾ ਜਾਵੇ ਤਾਂ ਜੋ ਮਜ਼ਦੂਰਾ ਨੂੰ ਆਮਦਨ ਹੋ ਸਕੇ ਅਤੇ ਫੌਰੀ ਤੌਰ ’ਤੇ ਉਨਾਂ ਦੀ ਮਦਦ ਹੋ ਸਕੇ।
ਇਸ ਮੌਕੇ ਸ੍ਰੀ ਸੁਨੀਲ ਜਾਖੜ ਲੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਢੁਕਵੀਂ ਯੋਜਨਾਬੰਦੀ ਕਰੇਗੀ ਪਰ ਫਿਲਹਾਲ ਫੌਰੀ ਤਰਜੀਹ ਜਲ ਨਿਕਾਸੀ ਦੀ ਹੈ ਤਾਂ ਜੋ ਕਿਸਾਨ ਆਪਣੀਆਂ ਫਸਲਾਂ ਦੀ ਬਿਜਾਈ ਕਰ ਸਕਣ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਜਲ ਭਰਾਵ ਦੀ ਇਸ ਸਮੱਸਿਆ ਦਾ ਅਸਲ ਕਾਰਨ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਹਨ। ਉਨਾਂ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਨੁਕਸਦਾਰ ਸੇਮ ਨਾਲੇ ਬਣਾਏ ਗਏ ਜਿਸ ਨਾਲ ਸੇਮ ਦੀ ਸਮੱਸਿਆ ਦਾ ਹੱਲ ਹੋਣ ਦੀ ਬਜਾਏ ਇਸ ਸਮੱਸਿਆ ਦਾ ਹੋਰ ਵਿਸਥਾਰ ਹੋ ਗਿਆ।
ਸ੍ਰੀ ਜਾਖੜ ਨੇ ਦੱਸਿਆ ਕਿ 2014 ਵਿਚ ਉਹ ਤਤਕਾਲੀ ਮੱੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੂੰ ਮਿਲੇ ਸਨ ਅਤੇ ਉਨਾਂ ਨੇ 2246 ਕਰੋੜ ਰੁਪਏ ਸੇਮ ਨਾਲਿਆਂ ਦੀਆਂ ਤਰੁੱਟੀਆਂ ਦੂਰ ਕਰਨ ਲਈ ਦਿੱਤੇ ਸਨ ਪਰ ਉਸ ਤੋਂ ਬਾਅਦ ਇਹ ਰਕਮ ਕਿੱਥੇ ਗਈ ਇਸਦਾ ਕੋਈ ਵੇਰਵਾ ਅਕਾਲੀ ਸਰਕਾਰ ਨੇ ਨਹੀਂ ਦਿੱਤਾ। ਉਨਾਂ ਨੇ ਕਿਹਾ ਕਿ ਜੇਕਰ ਉਕਤ ਰਕਮ ਦਾ ਸਹੀ ਇਸਤੇਮਾਲ ਕੀਤਾ ਜਾਂਦਾ ਤਾਂ ਅੱਜ ਇਹ ਹਾਲ ਨਹੀਂ ਸੀ ਹੋਣਾ।
ਇਸ ਮੌਕੇ ਦੋਵੇਂ ਕੈਬਨਿਟ ਮੰਤਰੀਆ ਅਤੇ ਸੂਬਾ ਕਾਂਗਰਸ ਪ੍ਰਧਾਨ ਵੱਲੋਂ ਅਬੋਹਰ ਬਾਈਪਾਸ, ਦੁਤਾਰਾ ਵਾਲੀ, ਮਲੁਕਪੁਰਾ, ਭੰਗਾਲਾ, ਧਰਾਂਗਵਾਲਾ, ਮੁਰਾਦਵਾਲਾ, ਘੁੜਿਆਣਾ, ਬੁਰਜ ਹਨੂੰਮਾਨਗੜ,ਕੁਹਾੜਿਆਵਾਲੀ,ਮਮੂਖੇੜਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਲੋਕਾਂ ਵੱਲੋਂ ਦੱਸੇ ਅਨੁਸਾਰ ਅਧਿਕਾਰੀਆਂ ਨੂੰ ਤੁਰੰਤ ਪਾਣੀ ਦੀ ਨਿਕਾਸੀ ਕਰਵਾਉਣ ਲਈ ਕਿਹਾ ਗਿਆ
ਇਸ ਦੌਰਾਨ ਉਨਾਂ ਦੇ ਨਾਲ ਪਿ੍ਰੰਸੀਪਲ ਸਕੱਤਰ ਸਰਬਜੀਤ ਸਿੰਘ, ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ, ਐਸ.ਐਸ.ਪੀ ਸ. ਹਰਜੀਤ ਸਿੰਘ, ਸ੍ਰੀ ਸੰਦੀਪ ਜਾਖੜ, ਜ਼ਿਲਾ ਕਾਂਗਰਸ ਪ੍ਰਧਾਨ ਸ੍ਰੀ ਰੰਜਮ ਕਾਮਰਾ, ਚੀਫ ਇੰਜੀਨੀਅਰ ਸੰਜੀਵ ਗੁਪਤਾ, ਏਡੀਸੀ ਵਿਕਾਸ ਸ੍ਰੀ ਨਵਲ ਕੁਮਾਰ ਆਦਿ ਵੀ ਹਾਜ਼ਰ ਸਨ।