ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਸੁਨਾਮ ਦੀ ਇੱਕ ਭਰਵੀਂ ਮੀਟਿੰਗ ਨੌਜਵਾਨ ਕਿਸਾਨ ਆਗੂ ਰਣ ਸਿੰਘ ਚੱਠਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ ਦੀ ਅਗਵਾਈ ਹੇਠ ਪਿੰਡ ਚੱਠਾ ਨਨਹੇੜਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਆਏ ਦਿਨ ਨਿੱਤ ਨਵੇਂ ਹਮਲੇ ਪੰਜਾਬ ਦੇ ਕਿਸਾਨਾਂ ਉੱਪਰ ਸਾਜ਼ਿਸ਼ਾਂ ਤਹਿਤ ਕੀਤੇ ਜਾ ਰਹੇ ਹਨ,ਜਿਸ ਦੀ ਤਾਜ਼ਾ ਉਦਾਹਰਨ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਨੂੰ ਪੰਜਾਬ ਸਰਕਾਰ ਰਾਹੀਂ ਚਿੱਪ ਵਾਲੇ ਮੀਟਰ ਲਗਵਾ ਕੇ ਪੰਜਾਬ 'ਚ ਬਿਜਲੀ ਸੋਧ ਬਿੱਲ ਨੂੰ ਪਿਛਲੇ ਦਰਵਾਜ਼ੇ ਰਾਹੀਂ ਲਾਗੂ ਕਰਨ ਦੀਆਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਚਿੱਪ ਵਾਲੇ ਮੀਟਰ ਕਿਸੇ ਵੀ ਹਾਲਾਤ ਵਿੱਚ ਪਿੰਡਾਂ ਚ ਨਹੀਂ ਲੱਗਣ ਦੇਵੇਗੀ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਾਹਰੀ ਦੇਸ਼ਾਂ ਤੋਂ ਆਉਣ ਵਾਲੀ ਕਣਕ ਤੇ ਲੱਗਣ ਵਾਲੀ ਇੰਪੋਰਟ ਡਿਊਟੀ ਫਰਵਰੀ ਮਹੀਨੇ ਵਿੱਚ ਹਟਾਉਣ ਜਾ ਰਹੀ ਹੈ ਅਜਿਹਾ ਕਰਨ ਨਾਲ ਪੰਜਾਬ ਸਮੇਤ ਪੂਰੇ ਭਾਰਤ ਦੇ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ। ਕਿਸਾਨਾਂ ਦੀ ਕਣਕ ਦਾ ਘੱਟੋ ਘੱਟ 700-800 ਰੁਪਏ ਪ੍ਰਤੀ ਕੁਇੰਟਲ ਭਾਅ ਘੱਟ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੇ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਇਹ ਫੈਸਲਾ ਖੁਦਕੁਸ਼ੀਆਂ ਵੱਲ ਲੈਕੇ ਜਾਵੇਗਾ। ਕੇਂਦਰ ਸਰਕਾਰ ਦੀ ਇਹ ਕੋਝੀ ਚਾਲ ਅਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਉੱਤਰ ਭਾਰਤ ਦੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਦਿੱਲੀ ਅੰਦੋਲਨ ਲਈ ਲਾਮਬੰਦ ਕਰਨ ਲਈ 2 ਜਨਵਰੀ ਨੂੰ ਮਾਝੇ ਦੇ ਜੰਡਿਆਲਾ ਗੁਰੂ ਅਤੇ 6 ਜਨਵਰੀ ਨੂੰ ਮਾਲਵਾ ਦੇ ਬਰਨਾਲਾ ਦੀ ਅਨਾਜ ਮੰਡੀ ਵਿਖੇ ਇੱਕ ਵਿਸ਼ਾਲ ਕਿਸਾਨ ਮਹਾਂ ਪੰਚਾਇਤ ਕੀਤੀ ਜਾਵੇਗੀ। ਚੱਠਾ ਨੇ ਕਿਹਾ ਕਿ ਇਸ ਕਿਸਾਨ ਮਹਾਂ ਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸੰਗਰੂਰ ਦੇ ਹਜ਼ਾਰਾਂ ਕਿਸਾਨ ਨੌਜਵਾਨ ਤੇ ਕਿਸਾਨ ਔਰਤਾਂ ਵੱਡੇ -ਵੱਡੇ ਕਾਫ਼ਲੇ ਲੈਕੇ ਸ਼ਮੂਲੀਅਤ ਕਰਨਗੇ। ਇਸ ਮੌਕੇ ਪ੍ਰਧਾਨ ਹਰੀ ਸਿੰਘ ਚੱਠਾ,ਸੁਖਵਿੰਦਰ ਸਿੰਘ ਪਿੰਕੀ ਨਮੋਲ,ਕੇਵਲ ਸਿੰਘ ਜਵੰਧਾ,ਕਰਮ ਸਿੰਘ ਨਮੋਲ,ਜੱਗੀ ਬੈਨੀਪਾਲ ਗੰਢੂਆਂ,ਰੇਸ਼ਮ ਸਿੰਘ ਖਾਲਸਾ,ਨਸ਼ੀਬ ਸਿੰਘ ਜਖੇਪਲ,ਹਰਬੰਸ ਸਿੰਘ ਖਡਿਆਲ,ਦੇਵ ਸਿੰਘ ਖਡਿਆਲ,ਮਦਨ ਬਾਵਾ ਮਹਿਲਾਂ ਚੌਕ,ਗੁਰਚਰਨ ਸਿੰਘ ਨਮੋਲ,ਮਾਹਮ ਸਿੰਘ ਜਵੰਧਾਂ,ਰੁੱਗਾ ਸਿੰਘ ਜਵੰਧਾਂ,ਕੁਲਦੀਪ ਸਿੰਘ ਛਾਜਲਾ,ਬਲਦੇਵ ਸਿੰਘ ਰਵਿਦਾਸਪੁਰਾ ਟਿੱਬੀ,ਹਰਬੰਸ ਸਿੰਘ ਰਵਿਦਾਸਪੁਰਾ ਟਿੱਬੀ,ਦਾਰਾ ਖਾਂ ਕੋਠੇ ਜਗਤ ਸਿੰਘ ਵਾਲਾ,ਹਰਵਿੰਦਰ ਸਿੰਘ ਭੋਲਾ ਨੀਲੋਵਾਲ,ਸੋਹਣੂ ਸਿੰਘ ਚੱਠਾ,ਭੋਲਾ ਸਿੰਘ ਵੈਰੋਕੇ,ਭਗਵੰਤ ਸਿੰਘ ਮੈਦੇਵਾਸ, ਭੂਰਾ ਸਿੰਘ ਨੀਲੋਵਾਲ ਆਦਿ ਹਾਜ਼ਰ ਸਨ।