ਚੰਡੀਗੜ : ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਜੰਮੂ ਕਸ਼ਮੀਰ ਦੀ ਭਾਸ਼ਾ ਸੂਚੀ ਵਿੱਚੋਂ ਪੰਜਾਬੀ ਨੂੰ ਬਾਹਰ ਕੱਢਣ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਇਸ ਨੂੰ ਮੋਦੀ ਸਰਕਾਰ ਵੱਲੋ ਘੱਟ ਗਿਣਤੀਆਂ ਅਤੇ ਖੇਤਰੀ ਭਾਸ਼ਾਵਾਂ ਉੱਤੇ ਹਮਲਾ ਕਰਾਰ ਦਿੱਤਾ ਹੈ। ਉਨਾਂ ਨੇ ਕਸ਼ਮੀਰੀ ਡੋਗਰੀ ਅਤੇ ਹਿੰਦੀ ਨੂੰ ਜੰਮੂ ਕਸ਼ਮੀਰ ਦੇ ਭਾਸਾ ਸੋਚੀ ਵਿੱਚ ਸ਼ਾਮਲ ਕਰਨ ਦੇ ਬਿੱਲ ਦਾ ਵਿਰੋਧ ਕੀਤਾ। ਮੀਡੀਆ ਨੂੰ ਜਾਰੀ ਬਿਆਨ ਵਿੱਚ ਢਿੱਲੋਂ ਨੇ ਕਿਹਾ ਕਿ ਅਜਿਹਾ ਕਰਕੇ ਮੋਦੀ ਸਰਕਾਰ ਪੰਜਾਬੀਆਂ ਨਾਲ ਧੱਕਾ ਕਰ ਰਹੀ ਹੈ ਅਤੇ ਅਜਿਹੇ ਫੈੰਸਲੇ ਨੂੰ ਫੌਰੀ ਤੌਰ ਤੇ ਵਾਪਸ ਲਿਆ ਜਾਣਾ ਚਾਹੀਦਾ ਹੈ।
ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਚੁੱਪੀ ਉੱਤੇ ਸਵਾਲ ਖੜੇ ਕਰਦੇ ਹੋਏ ਢਿੱਲੋਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਰਾਜਸੀ ਮੁਫਾਦਾਂ ਲਈ ਹਮੇਸਾ ਘੱਟ ਗਿਣਤੀਆਂ ਅਤੇ ਪੰਜਾਬੀਆਂ ਦੇ ਹਿੱਤਾ ਨਾਲ ਧਰੋਹ ਕਮਾਇਆ ਹੈ ਅਤੇ ਇੱਕ ਵਾਰ ਫਿਰ ਉਨਾਂ ਦਾ ਪੰਜਾਬ ਤੇ ਪੰਜਾਬੀ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵਿਚ ਹਰਸਿਮਰਤ ਕੌਰ ਬਾਦਲ ਦੀ ਮੰਤਰੀ ਦੀ ਕੁਰਸੀ ਨੂੰ ਬਚਾਉਣ ਲਈ ਬਾਦਲਾਂ ਨੇ ਹਰ ਪੰਜਾਬ ਵਿਰੋਧੀ ਫੈਸਲੇ ਉੱਤੇ ਚੁੱਪੀ ਵੱਟੀ ਹੈ। ਹਰਸਿਮਰਤ ਕੌਰ ਬਾਦਲ ਉੱਤੇ ਵਰਦਿਆਂ ਢਿੱਲੋਂ ਨੇ ਕਿਹਾ ਕਿ ਉਹ ਮੋਦੀ ਸਰਕਾਰ ਤੇ ਇਸ ਪੰਜਾਬ ਅਤੇ ਪੰਜਾਬੀ ਵਿਰੋਧੀ ਫ਼ੈਸਲੇ ਦੇ ਖ਼ਿਲਾਫ਼ ਆਪਣੀ ਆਵਾਜ਼ ਚੁੱਕਣ। ਉਨਾਂ ਕਿਹਾ ਕਿ ਅਜਿਹੇ ਫੈਸਲਿਆਂ ਨਾਲ ਖੇਤਰੀ ਭਾਸ਼ਾਵਾਂ ਅਤੇ ਘੱਟ ਗਿਣਤੀਆਂ ਨੂੰ ਧੱਕਾ ਲੱਗਦਾ ਹੈ।
ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਇਹ ਗੱਲ ਸਿੱਧ ਹੁੰਦੀ ਹੈ ਕਿ ਮੋਦੀ ਸਰਕਾਰ ਘੱਟ ਗਿਣਤੀਆਂ ਵਿਰੋਧੀ ਹੈ ਅਤੇ ਬਾਦਲ ਪਰਿਵਾਰ ਆਪਣੇ ਰਾਜਸੀ ਫਾਇਦੇ ਲਈ ਉਨਾਂ ਨਾਲ ਮਿਲਿਆ ਹੋਇਆ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਹੀ ਘੱਟ ਗਿਣਤੀਆਂ ਅਤੇ ਖੇਤਰੀ ਭਾਸ਼ਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਢਿੱਲੋਂ ਨੇ ਕਿਹਾ ਕਿ ਅਜਿਹਾ ਸਿਰਫ ਪੰਜਾਬੀ ਨਾਲ ਹੀ ਨਹੀਂ ਬਲਕਿ ਹੋਰ ਖੇਤਰੀ ਭਾਸ਼ਾਵਾਂ ਨਾਲ ਵੀ ਕੀਤਾ ਜਾ ਰਿਹਾ ਹੈ।
ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਪੁਰਾਤਨ ਕਾਲ ਤੋਂ ਹੀ ਇੱਕ ਸਾਂਝ ਹੈ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇੱਥੋਂ ਤੱਕ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਡੋਗਰੀ ਭਾਸਾ ਵੀ ਇੱਕ ਦੂਜੇ ਨਾਲ ਮਿਲਦੀਆਂ ਹਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਖੇਤਰ ਪੰਜਾਬ ਦਾ ਹਿੱਸਾ ਸਨ।
ਢਿੱਲੋਂ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕਿ ਅਕਾਲੀਆਂ ਨੇ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ਉੱਤੇ ਚੁੱਪੀ ਸਾਧੀ ਹੈ ਇਸ ਤੋਂ ਪਹਿਲਾਂ ਵੀ ਸਿਟੀਜ਼ਨ ਅਮੈਂਡਮੈਂਟ ਐਕਟ, ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ, ਕਿਸਾਨ ਵਿਰੋਧੀ ਆਰਡੀਨੈਂਸ ਅਤੇ ਹੋਰ ਅਣਗਿਣਤ ਮੁੱਦਿਆਂ ਤੇ ਵੀ ਆਪਣੀ ਕੁਰਸੀ ਨੂੰ ਬਚਾਉਣ ਖਾਤਰ ਅਣਗੌਲਿਆ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਕਾਲੀਆਂ ਦੇ ਦੋਗਲੇ ਚਰਿੱਤਰ ਤੋਂ ਜਾਣੂ ਹੋ ਚੁੱਕੇ ਹਨ ਅਤੇ ਉਨਾਂ ਦੀਆਂ ਝੂਠੀਆ ਕੁਰਬਾਨੀ ਦੇਣ ਦੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਨਗੇ।