ਸੁਨਾਮ : ਰਾਸ਼ਨ ਡਿੱਪੂ ਹੋਲਡਰਾਂ ਦੀ ਜਥੇਬੰਦੀ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੁਨਾਮ ਵਿਖੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੂਬੇ ਦੇ ਡਿੱਪੂ ਹੋਲਡਰ ਭਗਵੰਤ ਮਾਨ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਘਿਰਾਓ ਦੇ ਸਮੇਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਡਿੱਪੂ ਹੋਲਡਰਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ ਨੇ ਕਿਹਾ ਕਿ ਪਿਛਲੇ 22 ਮਹੀਨਿਆਂ ਤੋਂ ਪੰਜਾਬ ਸਰਕਾਰ ਡਿੱਪੂ ਹੋਲਡਰਾਂ ਦਾ ਰੁਜ਼ਗਾਰ ਖ਼ਤਮ ਕਰਨ ਤੇ ਉਤਾਰੂ ਹੋ ਰਹੀ ਹੈ। ਪਿਛਲੀਆਂ ਸਰਕਾਰਾਂ ਨੇ ਵੀ ਡਿੱਪੂ ਹੋਲਡਰਾਂ ਤੋਂ ਮੁਫ਼ਤ ਵਿਚ ਕੰਮ ਕਰਵਾਉਂਦੀਆਂ ਰਹੀਆਂ, 25 ਮਹੀਨਿਆਂ ਦਾ ਕਮਿਸ਼ਨ ਲੈਣ ਲਈ ਡਿੱਪੂ ਹੋਲਡਰਾਂ ਨੇ ਚੰਡੀਗੜ੍ਹ ਤੇ ਸੰਗਰੂਰ ਵਿੱਚ ਧਰਨਾ ਲਾਇਆ ਤਾਂ ਜਾਕੇ ਇੱਕ ਸਾਲ ਦਾ ਕਮਿਸ਼ਨ ਦਿੱਤਾ ਗਿਆ ਹੈ ਅਜੇ ਵੀ 13 ਮਹੀਨਿਆਂ ਦਾ ਕਮਿਸ਼ਨ ਪੰਜਾਬ ਸਰਕਾਰ ਵੱਲ ਬਕਾਇਆ ਖੜਿਆ ਹੈ । ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਹੁਣ ਫਿਰ 18500 ਡਿੱਪੂ ਹੋਲਡਰਾਂ ਦੇ ਰੁਜ਼ਗਾਰ ਨੂੰ ਖਤਮ ਕਰਨ ਲਈ 451ਮਾਰਕਫੈਡ ਰਾਹੀਂ ਨਵੇਂ ਡਿੱਪੂ ਬਣਾਕੇ ਡਿੱਪੂ ਹੋਲਡਰਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ । ਜ਼ਿਲ੍ਹਾ ਪ੍ਰਧਾਨ ਮੰਗੀ ਨੇ ਦੱਸਿਆ ਕਿ ਛੇਤੀ ਹੀ ਪੰਜਾਬ ਦੇ ਡਿੱਪੂ ਹੋਲਡਰਾਂ ਵੱਲੋਂ ਮੁੱਖ ਮੰਤਰੀ ਦੇ ਧੂਰੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਜਿਸ ਤਹਿਤ ਜ਼ਿਲ੍ਹੇ ਬਲਾਕ ਪੰਜਾਬ ਪੱਧਰੀ ਮੀਟਿੰਗਾਂ ਸੂਬੇ ਭਰ ਵਿਚ ਕੀਤੀਆਂ ਜਾਣਗੀਆਂ । ਇਸ ਮੌਕੇ ਬਲਾਕ ਸੁਨਾਮ ਦੇ ਪ੍ਰਧਾਨ ਪਰਮਜੀਤ ਸਿੰਘ ਹਾਂਡਾ , ਰਘਵੀਰ ਸਿੰਘ , ਸੰਸਾਰ ਸਿੰਘ ਭਰੂਰ, ਤਾਰਾ ਸਿੰਘ ਛਾਜਲੀ ,ਕਰਨੈਲ ਸਿੰਘ ਲੋਂਗੋਵਾਲ , ਗੁਰਦੀਪ ਸਿੰਘ ਖਡਿਆਲ , ਰਾਜ ਕੁਮਾਰ ਸੋਨੂੰ , ਸਿਵਦੇਵ ਸਿੰਘ ਹਾਂਡਾ ,ਜਗਤਾਰ ਸਿੰਘ ਜਖੇਪਲ , ਭੋਲਾ ਸਿੰਘ ਮਾਡਲ ਟਾਊਨ , ਨਰੇਸ਼ ਕੁਮਾਰ ,ਰੰਗੀ ਸਿੰਘ ਭਰੂਰ , ਸੁਰੇਸ਼ ਕੁਮਾਰ ਜਗਤਪੁਰਾ , ਮੰਗਤ ਰਾਮ ਗੋਇਲ , ਸ਼ੱਤਰੂਗਣ ਆਦਿ ਡਿੱਪੂ ਹੋਲਡਰ ਹਾਜ਼ਰ ਸਨ।