ਸੁਨਾਮ : ਸੰਤ ਸ਼ਿਰੋਮਣੀ ਇੱਛਾਪੁਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਸੁਨਾਮ ਵੱਲੋਂ ਅਯੁੱਧਿਆ ਧਾਮ ਵਿਖੇ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਵਿਸ਼ਾਲ ਮੰਦਿਰ ਬਣਨ ਦੀ ਖੁਸ਼ੀ ਵਿੱਚ ਸ਼੍ਰੀ ਬਾਲਾਜੀ ਖਾਟੂ ਸ਼ਿਆਮ ਮੰਦਿਰ ਸੁਨਾਮ ਵਿਖੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਬਾਲਾਜੀ ਟਰੱਸਟ ਦੇ ਗੌਰਵ ਜਨਾਲੀਆ ਨੇ ਦੱਸਿਆ ਕਿ ਸ਼੍ਰੀ ਨੀਲਕੰਠੇਸ਼ਵਰ ਰਾਮ ਮੰਦਿਰ ਸੀਤਾਸਰ ਧਾਮ ਦੀ ਅਗਵਾਈ ਚ 22 ਜਨਵਰੀ ਸੋਮਵਾਰ ਨੂੰ ਸਵੇਰੇ 10 ਵਜੇ ਸੁਨਾਮ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਇਕੱਠੇ ਹੋ ਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਯਾਤਰਾ ਸੀਤਾਸਰ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਇਆ ਵਾਪਸ ਸੀਤਾਸਰ ਮੰਦਿਰ ਪਹੁੰਚੇਗੀ। ਇਸ ਸ਼ੋਭਾ ਯਾਤਰਾ ਲਈ ਸ਼੍ਰੀ ਬਾਲਾ ਜੀ ਧਾਮ ਵਿੱਚ ਛੋਟੇ-ਛੋਟੇ ਬੱਚਿਆਂ ਵੱਲੋਂ ਸ਼੍ਰੀ ਰਾਮ ਜੀ ਅਤੇ ਸ਼੍ਰੀ ਬਾਲਾਜੀ ਮਹਾਰਾਜ ਦੇ ਝੰਡੇ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਤੇ ਸੀਤਾਸਰ ਮੰਦਿਰ ਪਹੁੰਚ ਕੇ ਲੰਗਰ ਪ੍ਰਸ਼ਾਦ ਛਕਕੇ ਯਾਤਰਾ ਦੀ ਰੋਣਕ ਨੂੰ ਵਧਾਉਣ ਅਤੇ ਭਗਵਾਨ ਸ੍ਰੀ ਰਾਮ ਜੀ ਦਾ ਪਵਿੱਤਰ ਝੰਡਾ ਲੈਕੇ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਗੌਰਵ ਜਨਾਲੀਆ ਨੇ ਸਮੁੱਚੇ ਸਮਾਜ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ 'ਤੇ ਦੀਪ ਮਾਲਾ ਕਰਨ ਅਤੇ ਘੱਟੋ-ਘੱਟ 5 ਘਿਓ ਦੇ ਦੀਵੇ ਜਗਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਸਾਰੇ ਸਕੂਲਾਂ ਵਿੱਚ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕਰੇ।
ਉਨ੍ਹਾਂ ਦੱਸਿਆ ਕਿ ਇਸ ਦਿਨ ਰਾਤ ਨੂੰ ਸ਼੍ਰੀ ਬਾਲਾ ਜੀ ਮੰਦਿਰ ਵਿੱਚ ਸ਼ਾਮ 7 ਵਜੇ ਤੋਂ 9 ਵਜੇ ਤੱਕ ਸ਼੍ਰੀ ਹਨੂੰਮਾਨ ਚਾਲੀਸਾ ਜੀ ਦੇ ਸਮੂਹਿਕ ਪਾਠ, ਸ਼੍ਰੀ ਰਾਮ ਨਾਮ ਦੀ ਮਾਲਾ ਅਤੇ ਤਾਲੀ ਸੰਕੀਰਤਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਲਲਾ ਦੀ ਮੂਰਤੀ ਦੀ ਪਰਾਣ ਪ੍ਰਤਿਸ਼ਠਤਾ ਅਨੁਸ਼ਠਾਨ ਦਾ ਸੱਦਾ ਪੱਤਰ ਅਤੇ ਅਯੁੱਧਿਆ ਧਾਮ ਤੋਂ ਆਏ ਪੂਜਤ ਅਕਸ਼ਤ ਘਰ ਘਰ ਭੇਂਟ ਕੀਤੇ ਜਾ ਰਹੇ ਹੈ ਜਿਸ ਰਾਮ ਭਗਤ ਦੇ ਘਰ ਪੂਜਿਤ ਅਕਸ਼ਤ ਨਹੀਂ ਪਹੁੰਚੇ ਹਨ ਉਹ ਸ਼੍ਰੀ ਬਾਲਾਜੀ ਮੰਦਰ ਵਿਖੇ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਸੋਨੂੰ ਸਿੰਗਲਾ,ਕੇਸ਼ਵ ਗੁਪਤਾ,ਸ਼ੀਤਲ ਮਿੱਤਲ,ਮਾਧਵ, ਹਰਮਨ, ਲੱਕੀ, ਚੱਕਸ਼ੂ,ਹਰੀਸ਼ ਗੋਇਲ,ਜੱਗੀ ਆਦਿ ਹਾਜ਼ਰ ਸਨ।