ਮਾਲੇਰਕੋਟਲਾ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਗਵਾਈ ਵਿੱਚ ਸਪੋਰਟਸ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਕੁਰਾਹੇ ਜਾਣ ਤੋਂ ਬਚਾਉਣ ਲਈ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜੁੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂ ਰਹੇ ਹਨ ਤਾਂ ਜੋ ਪੰਜਾਬ ਵਿੱਚ ਖੇਡ ਸਭਿਆਚਾਰ ਵਿਕਸਿਤ ਕੀਤਾ ਜਾ ਸਕੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ 25 ਪਿੰਡਾਂ ਅਤੇ ਸ਼ਹਿਰਾਂ ਦੇ ਸਪੋਰਟਸ ਕਲੱਬਾਂ ਨੂੰ ਐਮ.ਐਲ.ਏ. ਲਾਂਜ ਵਿਖੇ ਸਪੋਰਟਸ ਕਿੱਟਾਂ ਵੰਡਣ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਖੇਡ ਕਲੱਬਾਂ ਨੂੰ ਕਿੱਟਾਂ ਦੇ ਕੇ ਨੌਜਵਾਨਾਂ ਨੂੰ ਖੇਡ ਦੇ ਗਰਾਊਂਡਾਂ ਨਾਲ ਜੋੜ ਰਹੀ ਹੈ। ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਸਨ, ਇਨ੍ਹਾਂ ਖਿਡਾਰੀਆਂ ਨੂੰ ਸਿੱਧੇ ਰਾਹ ਤੇ ਲਿਆਉਣ ਲਈ ਖਿਡਾਰੀਆਂ ਨੂੰ ਰਿਫਰੈਸ਼ਮੈਂਟ (ਡਾਈਟ) ਪਹਿਲਾਂ ਨਾਲੋਂ ਵਧੀਆ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਪੰਜਾਬ ਅਤੇ ਖੇਡ ਮੰਤਰੀ ਮੀਤ ਹੇਅਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਖਿਡਾਰੀਆਂ ਪ੍ਰਤੀ ਉੱਚ ਪੱਧਰੀ ਸੋਚ ਰੱਖਦਿਆਂ ਖੇਡ ਨੀਤੀ ਬਣਾਈ ਹੈ ਅਤੇ ਨਸ਼ਾ ਰਹਿਤ ਰੰਗਲਾ ਪੰਜਾਬ ਸਿਰਜਣ ਲਈ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਗਰਾਊਂਡ ਪੱਖੋਂ ਅਤੇ ਸਾਮਾਨ ਪੱਖੋਂ ਕੋਈ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਵਧ ਰਹੇ ਹਨ ਅਤੇ ਪੰਜਾਬ ਦਾ ਨਾਂਅ ਰੋਸ਼ਨ ਕਰਨ ਲਈ ਪੰਜਾਬ ਦੇ ਗਰਾਊਂਡਾਂ ਵਿੱਚ ਮੁੜ ਤੋਂ ਰੌਣਕਾਂ ਨਜ਼ਰ ਆਉਣ ਲੱਗੀਆਂ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਸੰਦੌੜ ਕਰਮਜੀਤ ਸਿੰਘ ਮਾਨ ਕੁਠਾਲਾ, ਗੁਰਮੁਖ ਸਿੰਘ ਖ਼ਾਨਪੁਰ, ਮੁਹੰਮਦ ਜਾਫ਼ਰ, ਅਰਦੁੱਲ ਸ਼ਕੂਰ, ਯਾਸਰ ਅਰਫਾਤ ਤੇ ਹੋਰ ਆਪ ਆਗੂ ਅਤੇ ਵਰਕਰਾਂ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ ਦੇ ਖੇਡ ਕਲੱਬਾਂ ਦੇ ਖਿਡਾਰੀ ਅਤੇ ਪਤਵੰਤੇ ਹਾਜ਼ਰ ਸਨ।