ਸੁਨਾਮ : ਸੁਨਾਮ ਨਗਰ ਕੌਂਸਲ ਵੱਲੋਂ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਸੀਨੀਅਰ ਮੀਤ ਪ੍ਰਧਾਨ ਆਸ਼ਾ ਬਜਾਜ਼ ਅਤੇ ਕਾਰਜ਼ ਸਾਧਕ ਅਫ਼ਸਰ ਬਾਲਕ੍ਰਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੈਨਟਰੀ ਇੰਸਪੈਕਟਰ ਰਾਜੇਸ਼ ਕੁਮਾਰ ਟੋਨੀ ਦੀ ਅਗਵਾਈ ਹੇਠ ਬਾਜ਼ਾਰਾਂ ਵਿੱਚ ਆਵਾਜਾਈ ਨੂੰ ਨਿਰਵਿਘਨ ਬਣਾਉਣ ਲਈ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਤਹਿਤ ਨਗਰ ਕੌਾਸਲ ਦੇ ਮੁਲਾਜ਼ਮਾਂ ਨੇ ਵੱਖ-ਵੱਖ ਬਾਜ਼ਾਰਾਂ 'ਚ ਸੜਕਾਂ 'ਤੇ ਪਿਆ ਸਾਮਾਨ ਚੁੱਕ ਕੇ ਜ਼ਬਤ ਕਰ ਲਿਆ | ਇੰਸਪੈਕਟਰ ਰਾਜੇਸ਼ ਕੁਮਾਰ ਟੋਨੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਕਈ ਵਿਅਕਤੀਆਂ ਨੇ ਕੌਂਸਲ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਬਹਿਸ ਕਰਕੇ ਅੜਿੱਕਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਅਜਿਹੀ ਕੋਸ਼ਿਸ਼ ਦੁਬਾਰਾ ਕੀਤੀ ਗਈ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਾਕਖਾਨਾ ਚੌਕ, ਨਵਾਂ ਬਾਜ਼ਾਰ, ਪੀਰਾਂ ਵਾਲਾ ਗੇਟ, ਸਿਨੇਮਾ ਰੋਡ, ਸ਼ਿਵ ਨਿਕੇਤਨ ਚੌਕ ਆਦਿ ਇਲਾਕਿਆਂ ਵਿੱਚ ਕਬਜ਼ੇ ਹਟਾਏ ਗਏ ਹਨ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਅੱਗੇ ਸੜਕਾਂ ਤੇ ਰੱਖੇ ਸਾਮਾਨ ਕਾਰਨ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਾਜ਼ਾਰਾਂ ਵਿੱਚ ਦੁਕਾਨਾਂ ਅੱਗੇ ਸੜਕਾਂ ਤੇ ਪਿਆ ਸਾਮਾਨ ਕਿਸੇ ਵੀ ਕੀਮਤ ਤੇ ਨਹੀਂ ਰਹਿਣ ਦਿੱਤਾ ਜਾਵੇਗਾ।