ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਔਰਤਾਂ ਨੂੰ ਡਿਪਟੀ ਕਮਿਸ਼ਨਰ, ਐਸ. ਐਸ. ਪੀਜ ਸਮੇਤ ਹੋਰ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਤਾਇਨਾਤ ਕਰਕੇ ਮਹਿਲਾ ਸ਼ਕਤੀ ਨੂੰ ਪ੍ਰਫੁਲਤ ਕੀਤਾ ਹੈ।ਡਿਪਟੀ ਕਮਿਸ਼ਨਰ ਅੱਜ ਇੱਥੇ ਬਹਾਵਲਪੁਰ ਪੈਲੇਸ ਵਿਖੇ ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਸੁਰੱਖਿਆ ਵਿਭਾਗਾਂ ਵਲੋਂ ਮਨਾਈ ਗਈ ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਸਮਾਗਮ ਮੌਕੇ ਨਵਜੰਮੀਆਂ ਧੀਆਂ ਤੇ ਵੱਖੋ-ਵੱਖ ਪ੍ਰਾਪਤੀਆਂ ਕਰਨ ਵਾਲੀਆਂ ਲੜਕੀਆਂ ਨੂੰ ਸਨਮਾਨਤ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਸਾਕਸ਼ੀ ਸਾਹਨੀ ਨੇ ਕਿਹਾ ਕਿ “ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਨ੍ਹਾਂ ਨੂੰ ਜਿੱਥੇ ਪਟਿਆਲਾ ਦਾ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਉਥੇ ਹੀ ਉਨ੍ਹਾਂ ਸਮੇਤ ਹੋਰ ਬਹੁਤ ਸਾਰੇ ਮਹਿਲਾ ਅਧਿਕਾਰੀਆਂ ਨੂੰ ਵੀ ਅਹਿਮ ਅਹੁਦੇ ਦਿੱਤੇ ਗਏ।”ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮਹਿਲਾ ਸ਼ਕਤੀ ਨੂੰ ਪ੍ਰਫੁਲਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਡਿਪਟੀ ਕਮਿਸ਼ਨਰ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਲੜਕੇ ਤੇ ਲੜਕੀਆਂ ‘ਚ ਕੋਈ ਫਰਕ ਨਹੀਂ ਹੈ ਪਰੰਤੂ, ਦੋਵਾਂ ਨੂੰ ਬਰਾਬਰ ਮੌਕੇ ਦਿੱਤੇ ਜਾਣ ਦੀ ਲੋੜ ਹੈ ਤਾਂ ਹੀ ਸਾਡੀਆਂ ਧੀਆਂ ਆਪਣੇ ਤਰਜੀਹੀ ਖੇਤਰ ਵਿੱਚ ਅੱਗੇ ਵੱਧ ਸਕਣਗੀਆਂ।ਉਨ੍ਹਾਂ ਕਿਹਾ ਕਿ ਅਜੇ ਵੀ ਕਈ ਖੇਤਰਾਂ ਵਿੱਚ ਲੜਕੀਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਥਾਂ ਨਹੀਂ ਮਿਲੀ ਤੇ ਉਂਨ੍ਹਾਂ ਨੂੰ ਅਣਦਿਖ ਕੀਤਾ ਗਿਆ ਪਰੰਤੂ ਜੇਕਰ ਅਜਿਹਾ ਹੁੰਦਾ ਤਾਂ ਸਾਡੀਆਂ ਧੀਆਂ ਹੋਰ ਵੀ ਅੱਗੇ ਵੱਧ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ ਤੇ ਅਪਣੀ ਥਾਂ ਬਨਾਉਣੀ ਚਾਹੀਦੀ ਹੈ ਤਾਂ ਹੀ ਉਹ ਅੱਗੇ ਵੱਧ ਸਕਦੀਆਂ ਹਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਲੜਕੇ ਤੇ ਲੜਕੀਆਂ ਵਿੱਚ ਕੋਈ ਫਰਕ ਨਹੀਂ ਕਰਦੇ ਤੇ ਦੋਵਾਂ ਨੂੰ ਹੀ ਅੱਗੇ ਵਧਣ ਲਈ ਮੌਕੇ ਪ੍ਰਦਾਨ ਕਰਨ ਵਿੱਚ ਯਕੀਨ ਕਰਦੇ ਹਨ ਤੇ ਇਸ ਲਈ ਕੋਈ ਚਾਹਵਾਨ ਬੱਚਾ ਉਨ੍ਹਾਂ ਨੂੰ ਮਿਲ ਸਕਦਾ ਹੈ। ਇਸ ਮੌਕੇ 21 ਨਵ-ਜੰਮੀਆਂ ਬੱਚੀਆਂ ਦੀ ਪਹਿਲੀ ਲੋਹੜੀ ਮਨਾਈ ਗਈ ਅਤੇ ਬੱਚੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਲ ਨਿਕੇਤਨ ਲਾਹੌਰੀ ਗੇਟ ਦੀਆਂ 30 ਬੱਚੀਆਂ ਨੂੰ ਵੀ ਵੱਖ-ਵੱਖ ਤੋਹਫੇ ਦਿਤੇ ਗਏ।ਤੋਹਫਾ ਵੰਡ ਸਮਾਰੋਹ ਉਪਰੰਤ ਡਿਪਟੀ ਕਮਿਸ਼ਨਰ ਨੇ ਕੇਕ ਕੱਟ ਕੇ ਇਸ ਖੁਸੀ ਦੇ ਮੌਕੇ ਲੋਹੜੀ ਵੀ ਬਾਲੀ।ਇਸ ਉਪਰੰਤ ਵੱਖ-ਵੱਖ ਖਿੱਤਿਆਂ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏ.ਡੀ.ਸੀ ਅਨੁਪ੍ਰਿਤਾ ਜੌਹਲ, ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ, ਡੀ.ਐੱਸ.ਐੱਸ.ਓ ਵਰਿੰਦਰ ਸਿੰਘ ਬੈੰਸ, ਸਮੂਹ ਸੀ.ਡੀ.ਪੀ.ਓਜ, ਡੀ.ਸੀ.ਪੀ.ਓ ਸ਼ਾਇਨਾ ਕਪੂਰ, ਡਿਪਟੀ ਡੀਈਉ ਮਨਵਿੰਦਰ ਕੌਰ ਭੁੱਲਰ ਤੇ ਹੋਰ ਪਤਵੰਤੇ ਮੌਜੂਦ ਸਨ।