ਪਟਿਆਲਾ : ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਤਿੰਨ ਅਧਿਆਪਕਾਂ ਨੂੰ, ਉਨ੍ਹਾਂ ਵੱਲੋਂ ਆਪੋ ਆਪਣੇ ਖੇਤਰਾਂ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ, ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਸੰਗੀਤ ਵਿਭਾਗ ਤੋਂ ਅਧਿਆਪਕ ਪ੍ਰੋ. ਨਿਵੇਦਿਤਾ ਉੱਪਲ, ਮਨੋਵਿਗਿਆਨ ਵਿਭਾਗ ਤੋਂ ਪ੍ਰੋ. ਦਮਨਜੀਤ ਸੰਧੂ ਅਤੇ ਭੌਤਿਕ ਵਿਗਿਆਨ ਵਿਭਾਗ ਤੋਂ ਡਾ. ਬਾਲ ਕ੍ਰਿਸ਼ਨ ਨੂੰ ਇਹ ਸਨਮਾਨ ਹਾਸਲ ਹੋਇਆ ਹੈ।
ਪ੍ਰੋ. ਨਿਵੇਦਿਤਾ ਉੱਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਐਵਾਰਡ ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਪਾਏ ਗਏ ਵਿਸ਼ੇਸ਼ ਯੋਗਦਾਨ ਦੇ ਬਦਲੇ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੇਸ ਵੰਡ ਤੋਂ ਬਾਅਦ ਉਹ ਚੜ੍ਹਦੇ ਪੰਜਾਬ ਤੋਂ ਇੱਕੋ ਇੱਕ ਪੰਜਾਬੀ ਮੂਲ ਦੇ ਇਸਤਰੀ ਗਾਇਕ ਹਨ ਜਿਨ੍ਹਾਂ ਨੂੰ ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਅਕਾਸ਼ਬਾਣੀ ਤੋਂ ਪ੍ਰਵਾਨਗੀ ਹਾਸਿਲ ਹੈ।
ਪ੍ਰੋ. ਦਮਨਜੀਤ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਐਵਾਰਡ ਬੱਚਿਆਂ ਅਤੇ ਔਰਤਾਂ ਲਈ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜ ਕਾਰਨ ਹਾਸਿਲ ਹੋਇਆ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਦਮਨਜੀਤ ਮੀਡੀਆ ਦੇ ਵੱਖ-ਵੱਖ ਮੰਚਾਂ ਰਾਹੀਂ ਇਸ ਵਿਸ਼ੇ ਉੱਪਰ ਲਗਾਤਾਰ ਜਾਗਰੂਕਤਾ ਫੈਲਾਉਂਦੇ ਰਹਿੰਦੇ ਹਨ। ਮਨੋਵਿਗਿਆਨ ਦੇ ਹਵਾਲੇ ਨਾਲ਼ ਉਹ ਲਗਾਤਾਰ ਇਸ ਖੇਤਰ ਵਿੱਚ ਸਰਗਰਮ ਹਨ।
ਡਾ. ਬਾਲ ਕ੍ਰਿਸ਼ਨ ਨੇ ਦੱਸਿਆ ਕਿ ਉਹਨਾਂ ਨੂੰ ਇਹ ਐਵਾਰਡ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਸੇਵਾਵਾਂ ਨਿਭਾਉਣ ਬਦਲੇ ਮਿਲਿਆ ਹੈ। ਜ਼ਿਕਰਯੋਗ ਹੈ ਕਿ ਡਾ. ਬਾਲ ਕ੍ਰਿਸ਼ਨ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਿੱਚ ਅਧਿਆਪਕ ਹੋਣ ਦੇ ਨਾਲ਼-ਨਾਲ਼ ਪ੍ਰੀਖਿਆ ਸ਼ਾਖਾ ਵਿੱਚ ਡਿਪਟੀ ਕੰਟਰੋਲਰ ਵਜੋਂ ਅਤੇ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਇਨ੍ਹਾਂ ਤਿੰਨਾਂ ਅਧਿਆਪਕਾਂ ਨੂੰ ਇਸ ਪ੍ਰਾਪਤੀ ਉੱਤੇ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ।