ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ, ਏ-ਕਲਾਸ ਐਸੋਸੀਏਸ਼ਨ, ਬੀ. ਅਤੇ ਸੀ. ਕਲਾਸ ਕਰਮਚਾਰੀ ਸੰਘ ਅਤੇ ਪੈਨਸ਼ਰਨਜ਼ ਵਲੋਂ ਵਾਈਸ-ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਅੱਜ ਦਾ ਧਰਨਾ ਜੁਆਇੰਟ ਐਕਸ਼ਨ ਕਮੇਟੀ ਦੀਆਂ ਮੰਗਾਂ ਜਿਵੇਂ ਤਨਖਾਹਾਂ ਅਤੇ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਤੋਂ ਵਿੱਤੀ ਗਰਾਂਟ ਦੁਆਉਣਾ ਅਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਬਹਾਲ ਰੱਖਣ ਲਈ ਲਗਾਇਆ ਗਿਆ।
ਜੁਆਇੰਟ ਐਕਸ਼ਨ ਕਮੇਟੀ ਨੇ ਆਖਿਆ ਕਿ ਕਾਫ਼ੀ ਲੰਮੇ ਸਮੇਂ ਤੋਂ ਇਨ੍ਹਾਂ ਮੰਗਾਂ ਦੇ ਨਾਲ-ਨਾਲ ਜੁਆਇੰਟ ਐਕਸ਼ਨ ਕਮੇਟੀ ਅਕਾਦਮਿਕ ਰੈਗੂਲਰ ਵਾਈਸ-ਚਾਂਸਲਰ ਦੀ ਮੰਗ ਵੀ ਕਰ ਰਹੀ ਸੀ, ਜੋ ਕਿ ਪੰਜਾਬ ਸਰਕਾਰ ਵਲੋਂ ਪ੍ਰੋ. ਅਰਵਿੰਦ ਦੀ ਵਾਈਸ-ਚਾਂਸਲਰ ਵਜੋਂ ਨਿਯੁਕਤੀ ਕਰਕੇ ਪੂਰੀ ਕਰ ਦਿੱਤੀ ਗਈ ਹੈ, ਜਿਸਦਾ ਜੁਆਇੰਟ ਐਕਸ਼ਨ ਕਮੇਟੀ ਸੁਆਗਤ ਕਰਦੀ ਹੈ। ਅੱਜ ਇਸ ਧਰਨੇ ਵਿਚ ਜੁਆਇੰਟ ਐਕਸ਼ਨ ਕਮੇਟੀ ਨੇ ਆਖਿਆ ਕਿ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਜਲਦ ਤੋਂ ਜਲਦ 400 ਕਰੋੜ ਰੁਪਏ ਦੀ ਯੱਕਮੁਸ਼ਤ ਗਰਾਂਟ ਮੁਹੱਈਆ ਕਰਵਾਏ ਅਤੇ ਇਸ ਬੱਜਟ ਸ਼ੈਸਨ ਵਿਚ ਐਲਾਨ ਕੀਤੀ 90 ਕਰੋੜ ਗਰਾਂਟ ਵੀ ਜਲਦ ਤੋਂ ਜਲਦ ਰਲੀਜ਼ ਕਰਵਾਏ ਤਾਂ ਜੋ ਯੂਨੀਵਰਸਿਟੀ ਵਿਚ ਚੱਲ ਰਹੇ ਆਰਥਿਕ ਸੰਕਟ ਦਾ ਸਾਹਮਣਾ ਕੀਤਾ ਜਾ ਸਕੇ ਕਿਉਂਕਿ ਇਸ ਆਰਥਿਕ ਸੰਕਟ ਕਾਰਨ ਹੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੀ ਅਦਾਇਗੀ ਅਪ੍ਰੈਲ ਮਹੀਨੇ ਦੇ 21 ਦਿਨ ਬੀਤਣ ਦੇ ਬਾਵਜੂਦ ਵੀ ਨਹੀਂ ਹੋਈ। ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰੇ ਡਾ. ਰਾਜਦੀਪ ਸਿੰਘ ਨੇ ਆਖਿਆ ਕਿ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਇਸ ਧਰਨੇ ਵਿਚ ਪੂਟਾ ਪ੍ਰਧਾਨ ਅਤੇ ਮੀਤ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ, ਡਾ. ਮਨਿੰਦਰ ਸਿੰਘ, ਖਜਾਨਚੀ ਡਾ. ਬਲਰਾਜ ਸਿੰਘ ਬਰਾੜ, ਏ-ਕਲਾਸ ਅਫ਼ਸਰ ਐਸੋਸੀਏਸ਼ਨ ਤੋਂ ਸ. ਗੁਰਿੰਦਰਪਾਲ ਸਿੰਘ ਬੱਬੀ, ਬੀ ਅਤੇ ਸੀ ਕਲਾਸ ਕਰਮਚਾਰੀ ਸੰਘ ਤੋਂ ਸ. ਮਨਦੀਪ ਸਿੰਘ ਬੱਤਰਾ ਅਤੇ ਪਨੈਸ਼ਨਰਜ਼ ਐਸੋਸ਼ੀਏਸ਼ਨ ਤੋਂ ਡਾ. ਕੁਲਵਿੰਦਰ ਸਿੰਘ ਅਤੇ ਸ. ਗੁਰਚਰਨ ਸਿੰਘ ਨੇ ਸਮੂਲੀਅਤ ਕੀਤੀ।