ਸੁਨਾਮ : ਕਿਸਾਨੀ ਮੰਗਾਂ ਦੀ ਪੂਰਤੀ ਲਈ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਤੋਂ ਦਿੱਲੀ ਵਿਖੇ ਲਾਏ ਜਾ ਰਹੇ ਮੋਰਚੇ ਦੀ ਲਾਮਬੰਦੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇਸੁਨਾਮ ਅਤੇ ਲਹਿਰਾ ਬਲਾਕ ਦੀ ਭਰਵੀਂ ਮੀਟਿੰਗ ਜਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਪਿੰਡ ਚੱਠਾ ਨੰਨਹੇੜਾ ਦੇ ਗੁਰਦੁਆਰਾ ਸ਼੍ਰੀ ਅਕਾਲਗੜ ਸਾਹਿਬ ਵਿਖੇ ਹੋਈ। ਇਸ ਮੌਕੇ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਦੀਆਂ ਅਮੀਰ ਪੱਖੀ ਨੀਤੀਆਂ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਉੱਤੇ ਇੰਪੋਰਟ ਡਿਊਟੀ ਨੂੰ ਖ਼ਤਮ ਕਰਨ ਤੋਂ ਸਿੱਧ ਹੁੰਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜ਼ਮੀਨਾਂ ਚੋਂ ਬੇਦਖਲ ਕਰਕੇ ਜ਼ਮੀਨਾਂ ਤੇ ਮੁੱਠੀ ਪਰ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ਼ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ (ਭਾਰਤ) ਅਤੇ ਉੱਤਰ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੇ ਸਾਂਝੇ ਫੋਰਮ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਵੱਲੋਂ 2020 ਦੇ ਅੰਦੋਲਨ ਵਿੱਚ ਮੰਨੀਆਂ ਹੋਈਆਂ ਮੰਗਾਂ ਤੇ ਰਹਿੰਦੀਆਂ ਮੰਗਾਂ ਮਨਵਾਉਣ ਲਈ ਵੱਡੀ ਤਿਆਰੀ ਲਈ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਕਿਸਾਨਾਂ-ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਣਸਾਂ ਦੀ ਖ਼ਰੀਦ ਨੂੰ ਐਮ ਐਸ ਪੀ ਤੇ ਖ਼ਰੀਦਣ ਲਈ ਕਾਨੂੰਨ ਬਣਾਉਣ , ਖੇਤਾਂ ਵਿਚ ਕੰਮ ਕਰਦੇ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ-ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਬੁਢਾਪਾ ਪੈਨਸ਼ਨ ਦੇਣ, ਬਿਜਲੀ ਸੋਧ ਬਿੱਲ-2022 ਤੇ ਪਰੀਪੇਡ ਮੀਟਰ ਘਰਾਂ ਵਿਚ ਲਾਉਣ ਦੀ ਤਜਵੀਜ਼ ਰੱਦ ਕਰਨ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਕਿਸਾਨਾਂ-ਮਜ਼ਦੂਰਾਂ ਸਿਰ ਦਿੱਲੀ ਮੋਰਚੇ ਦੌਰਾਨ ਕੀਤੇ ਪਰਚੇ ਰੱਦ ਕਰਵਾਉਣ ਲਈ ਆਦਿ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਵਿਰੁੱਧ 13 ਫਰਵਰੀ ਨੂੰ ਲੱਖਾਂ ਕਿਸਾਨਾਂ ਵੱਲੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਨਾਲ ਦਿੱਲੀ ਨੂੰ ਕੂਚ ਕੀਤਾ ਜਾਵੇਗਾ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਨੌਜਵਾਨਾਂ ਤੇ ਤਸ਼ੱਦਦ ਕਰ ਰਹੀ ਹੈ ਅਜਿਹੇ ਵਰਤਾਰੇ ਨੂੰ ਸਹਿਣ ਨਹੀਂ ਕੀਤਾ ਜਾਵੇਗਾ।ਚੱਠਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਬਰ ਜ਼ੁਲਮ ਦੇ ਖਿਲਾਫ ਅਤੇ ਭਾਨਾ ਸਿੱਧੂ ਦੀ ਹਮਾਇਤ ਚ 3 ਫਰਵਰੀ ਨੂੰ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਕਰਨ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ।ਇਸ ਮੌਕੇ ਹਰੀ ਸਿੰਘ , ਭੂਰਾ ਸਿੰਘ ਸਲੇਮਗੜ , ਰਾਮਫਲ ਸਿੰਘ ਜਲੂਰ , ਸੁਖਵਿੰਦਰ ਸਿੰਘ ਪਿੰਕੀ ਨਮੋਲ , ਸੁਖਦੇਵ ਸਿੰਘ ਲਹਿਲ ਕਲਾਂ, ਬਲਵੀਰ ਸਿੰਘ ਰੋੜੇਵਾਲ, ਨਿਰਭੈ ਸਿੰਘ , ਗੋਗਾ ਸਿੰਘ ਭੁਟਾਲ ਖ਼ੁਰਦ, ਪਰਸਰਾਮ ਕਲਰ ਭੈਣੀ,ਬੌਰੀਆ ਸਿੰਘ, ਤਰਸੇਮ ਸਿੰਘ,ਕਰਮ ਸਿੰਘ ਨਮੋਲ, ਹਰਬੰਸ ਸਿੰਘ ਖਡਿਆਲ, ਕੇਵਲ ਸਿੰਘ ਜਵੰਧਾਂ, ਮਦਨ ਬਾਵਾ ਮਹਿਲਾਂ ਚੌਕ, ਜੱਗੀ ਬੈਨੀਪਾਲ ਗੰਢੂਆਂ, ਨਸ਼ੀਬ ਸਿੰਘ ਜਖੇਪਲ, ਬਲਦੇਵ ਸਿੰਘ,ਜਗਤਾਰ ਸਿੰਘ,ਜਗਦੇਵ ਸਿੰਘ ,ਭੋਲਾ ਸਿੰਘ ਨੀਲੋਵਾਲ, ਕੁਲਦੀਪ ਸਿੰਘ ਛਾਜਲਾ,ਸੋਹਣੂ ਮਲਕ, ਗੁਰਚਰਨ ਸਿੰਘ ਨਮੋਲ,ਦੇਵ ਸਿੰਘ ਖਡਿਆਲ, ਮਿੱਠਾ ਮੰਡੇਰ ਸੇਰੋਂ, ਬੀਰਬਲ ਸਿੰਘ ਚੱਠਾ, ਭੋਲਾ ਸਿੰਘ ਚੱਠਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।