ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡਿਪਟੀ ਰਜਿਸਟਰਾਰ ਸ੍ਰੀ ਰਾਜਿੰਦਰ ਸਿੰਘ ਜੋਸਨ ਨੇ ਯੂਨੀਵਰਸਿਟੀ ਦੀ ਬੇਹਤਰੀ ਵਾਸਤੇ ਆਪਣੀ ਪੈਨਸ਼ਨ ਵਿੱਚੋਂ 25000 ਰੁਪਏ ਦਾ ਚੈੱਕ ਅੱਜ ਸਵੇਰੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ਭੇਟ ਕੀਤਾ। ਸ੍ਰੀ ਜੋਸਨ ਨੇ ਕਿਹਾ ਕਿ ਉਹ ਇਸ ਯੂਨੀਵਰਸਿਟੀ ਨਾਲ਼ ਪੂਰੀ ਤਰ੍ਹਾਂ ਭਾਵਨਾਤਮਿਕ ਤੌਰ ’ਤੇ ਜੁੜੇ ਹੋਏ ਹਨ ਅਤੇ ਹੁਣ ਯੂਨੀਵਰਸਿਟੀ ਆਪਣੀਆਂ ਮੁਸ਼ਕਲਾਂ ਵਿੱਚੋਂ ਨਿਕਲ ਕੇ ਅੱਗੇ ਵਧ ਰਹੀ ਹੈ। ਇਸ ਕਰ ਕੇ ਉਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਯੂਨੀਵਰਸਿਟੀ ਲਈ ਹਿੱਸਾ ਕੱਢਿਆ ਹੈ। ਇਸ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਹੋਰਨਾਂ ਦਾਨੀ ਸੱਜਣਾਂ ਨੂੰ ਯੂਨੀਵਰਸਿਟੀ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਨਾਲ਼-ਨਾਲ਼ ਪੰਜਾਬ ਦੇ ਬੌਧਿਕ ਵਿਕਾਸ ਵਿੱਚ ਹੋਰ ਵੀ ਪ੍ਰਭਾਵੀ ਢੰਗ ਨਾਲ਼ ਹਿੱਸਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਸੂਬਾ ਸਰਕਾਰ ਨੇ ਆਰਥਿਕ ਸੰਕਟ ਵਿੱਚ ਘਿਰੀ ਯੂਨੀਵਰਸਿਟੀ ਨੂੰ ਬਾਹਰ ਕੱਢਣ ਦੀ ਕਾਫ਼ੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਇਸ ਯੂਨੀਵਰਸਿਟੀ ਨੂੰ ਪੱਕੇ ਪੈਰੀਂ ਕਰਨ ਲਈ ਅਵਾਮ ਦੇ ਸਹਿਯੋਗ ਦੀ ਵੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਹੋਰ ਵੀ ਲੋਕ ਇਸ ਦੀ ਮਦਦ ਲਈ ਅੱਗੇ ਆਉਣਗੇ।