ਰਫ਼ਾਹ : ਇਜ਼ਰਾਈਲੀ ਬਲਾਂ ਨੇ ਸੋਮਵਾਰ ਤੜਕੇ ਦਖਣੀ ਗਾਜ਼ਾ ਪੱਟੀ ਵਿੱਚ ਇੱਕ ਉਚ ਸੁਰੱਖਿਆ ਵਾਲੇ ਅਪਾਰਟਮੈਂਟ ’ਤੇ ਧਾਵਾ ਬੋਲ ਕੇ ਦੋ ਬੰਦੀਆਂ ਨੂੰ ਆਜ਼ਾਦ ਕਰਵਾਈਆ ਅਤੇ ਇਕ ਨਾਟਕੀ ਘਟਨਾ ਵਿੱਚ ਗੋਲੀਬਾਰੀ ਦੌਰਾਨ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅਤਿਵਾਦੀ ਸਮੂਹ ਹਮਾਸ ਵਲੋਂ ਖੇਤਰ ਵਿੱਚ ਬੰਧਕ ਬਣਾ ਕੇ ਰੱਖੇ ਗਏ 100 ਤੋਂ ਵੱਧ ਬੰਦੀਆਂ ਦੀ ਦੇਸ਼ ਵਾਪਸੀ ਦੀ ਦਿਸ਼ਾ ਵਿਚ ਇਜ਼ਰਾਈਲ ਲਈ ਇਹ ਇਕ ਛੋਟੀ ਪਰ ਪ੍ਰਤੀਕਾਤਮਕ ਤੌਰ ’ਤੇ ਮਹੱਤਵਪੂਰਨ ਸਫ਼ਲਤਾ ਹੈ। ਫ਼ਲਸਤੀਨੀ ਨੇ ਦਸਿਆ ਕਿ ਇਸ ਦੌਰਾਨ ਇਜ਼ਰਾਇਲੀ ਹਵਾਈ ਹਮਲਿਆਂ ’ਚ ਘੱਟੋ ਘੱਟ 67 ਫ਼ਲਸਤੀਨੀ ਮਾਰੇ ਗਏ। ਇਹ ਕਾਰਵਾਈ ਦਖਣੀ ਗਾਜ਼ਾ ਸ਼ਹਿਰ ਰਫ਼ਾਹ ਵਿਚ ਕੀਤੀ ਗਈ ਸੀ, ਜਿੱਥੇ ਹਮਾਸ ਇਜ਼ਰਾਈਲ ਯੁੱਧ ਕਾਰਨ 14 ਲੱਖ ਫ਼ਲਸਤੀਨੀਆਂ ਨੂੰ ਇਲਾਕਾ ਛੱਡ ਕੇ ਕਿਤੇ ਹੋਰ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਲਗਾਤਾਰ ਫ਼ੌਜੀ ਦਬਾਅ ਨਾਲ ਬੰਦੀਆਂ ਦੀ ਆਜ਼ਾਦੀ ਹੋਵੇਗੀ । ਉਨ੍ਹਾਂ ਨੇ ਸੋਮਵਾਰ ਨੂੰ ਇਸੇ ਗੱਲ ਨੂੰ ਦੁਹਰਾਇਆ, ਹਾਲਾਂਕਿ ਹੋਰ ਉਚ ਅਧਿਕਾਰੀਆਂ ਨੇ ਉਨ੍ਹਾਂ ਦੀ ਇਸ ਗੱਲ ਦਾ ਵਿਰੋਧ ਕੀਤਾ ਹੈ।