ਪਟਿਆਲਾ : ਆਮ ਲੋਕਾਂ ਨੂੰ ਸੜਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਅਤੇ ਸੜਕੀ ਹਾਦਸੀਆਂ ਨੂੰ ਠੱਲ ਪਾਉਣ ਦੇ ਮੰਤਵ ਨਾਲ "ਸੜਕ ਸੁਰੱਖਿਆ ਦੇ ਹੀਰੋ ਬਣੋ" ਸਲੋਗਨ ਅਧੀਨ 15 ਜਨਵਰੀ 2024 ਤੋਂ 14 ਫਰਵਰੀ 2024 ਤੱਕ ਮਨਾਏ ਗਏ ਕੌਮੀ ਸੜਕ ਸੁਰੱਖਿਆ ਮਹੀਨੇ ਦੀ ਸਮਾਪਤੀ ਮੌਕੇ ਪਟਿਆਲਾ ਪੁਲਿਸ ਨੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਲੀਲਾ ਭਵਨ ਤੇ ਟਰੱਕ ਯੂਨੀਅਨ ਪਟਿਆਲਾ ਵਿਖੇ ਸੈਮੀਨਾਰ ਕਰਵਾਏ ਗਏ।
ਇਸ ਮੌਕੇ ਡੀ.ਐਸ.ਪੀ. ਟ੍ਰੈਫਿਕ ਪਟਿਆਲਾ ਕਰਨੈਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਕੌਮੀ ਸੜਕ ਸੁਰੱਖਿਆ ਮਹੀਨੇ ਸਬੰਧੀ ਉਲੀਕੇ ਪ੍ਰੋਗਰਾਮ ਦੀ ਇੰਨ ਬਿੰਨ ਪਾਲਣਾ ਕਰਵਾਉਂਦੇ ਹੋਏ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਸਮੇਤ ਹੋ ਰਹੇ ਸੜਕੀ ਹਾਦਸਿਆ ਨੂੰ ਰੋਕਣਾ ਲਈ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਨੁੱਕੜ ਨਾਟਕ, ਸੈਮੀਨਾਰ, ਵੱਖ-ਵੱਖ ਚੌਕਾਂ ਵਿੱਚ ਬੈਨਰ ਲਗਾਕੇ ਅਤੇ ਜੀਪ ਤੇ ਬੈਨਰ ਅਤੇ ਲਾਊਡ ਸਪੀਕਰ ਲਗਾਕੇ ਆਪ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ। ਡੀ.ਐਸ.ਪੀ. ਕਰਨੈਲ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਅੰਦਰ ਹਰ ਸਾਲ ਸੜਕੀ ਹਾਦਸਿਆ ਦੋਰਾਨ ਹਜ਼ਾਰਾ ਦੀ ਗਿਣਤੀ ਵਿੱਚ ਲੋਕ ਆਪਣੀਆ ਜਾਨਾ ਗੁਆ ਲੈਂਦੇ ਹਨ। ਸੜਕੀ ਹਾਦਸੇ ਹੋਣ ਦੇ ਮੁੱਖ ਕਾਰਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੀ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਨੇ ਸੜਕ ਤੇ ਚਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕ ਜਿਵੇਂ ਕਿ ਜਿਹੜੇ ਕਾਰ ਚਾਲਕਾਂ ਵੱਲੋਂ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਕੀਤੀ ਗਈ ਉਨ੍ਹਾਂ ਨੂੰ ਅਤੇ ਜਿਹੜੇ ਦੋ ਪਹੀਆ ਵਾਹਨ ਚਾਲਕਾਂ ਵੱਲੋਂ ਹੈਲਮਟ ਦੀ ਵਰਤੋਂ ਕੀਤੀ ਗਈ, ਨੂੰ ਗੁਲਾਬ ਦੇ ਫੁੱਲ ਅਤੇ ਚਾਕਲੇਟ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ। ਟਰੱਕ ਯੂਨੀਅਨ ਦੇ ਸੈਮੀਨਾਰ ਵਿਚ ਬੋਲਦੇ ਹੋਏ ਕਰਨੈਲ ਸਿੰਘ ਨੇ ਕਿਹਾ ਕਿ ਸੜਕ ਨਾਲ ਸਭ ਤੋਂ ਜਿਆਦਾ ਸਬੰਧ ਡਰਾਈਵਰਾਂ ਦਾ ਹੁੰਦਾ ਹੈ ਜੋ ਦਿਨ-ਰਾਤ ਸੜਕਾਂ ਤੇ ਗੁਜਾਰਦੇ ਹਨ, ਸੋ ਡਰਾਈਵਰਾਂ ਨੂੰ ਅਪੀਲ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਰੂਰ ਕਰਨ,ਜਿਸ ਨਾਲ ਉਨ੍ਹਾ ਦੀ ਸੁਰੱਖਿਆ ਵੀ ਹੋ ਸਕੇ ਅਤੇ ਹੋਰਨਾ ਰਾਹਗੀਰਾ ਦੀ ਵੀ ਸੁਰੱਖਿਆ ਬਣੀ ਰਹੇ। ਉਨ੍ਹਾਂ ਨੇ ਆਮ ਲੋਕਾਂ, ਵਿਦਿਆਰਥੀਆ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਪੁਲਿਸ ਦਾ ਸਹਿਯੋਗ ਕਰਦੇ ਹੋਏ ਸਾਰੇ ਜਣੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤੇ "ਸੜਕ ਸੁਰੱਖਿਆ ਦੇ ਹੀਰੋ ਬਣੋ"।