ਚੰਡੀਗੜ੍ਹ : ਕਰੋਨਾ ਦੀ ਲਾਗ ਦਾ ਪ੍ਰਕੋਪ ਜਿਥੇ ਦੇਸ਼ ਵਿੱਚ ਖ਼ਤਰਨਾਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ ਉਥੇ ਹੀ ਪੰਜਾਬ ਵਿਚ ਕਰੋਨਾ ਨੇ ਵਖ਼ਤ ਪਾਇਆ ਹੋਇਆ ਹੈ। ਸੂਬੇ ਵਿੱਚ ਅੱਜ 6318 ਮਾਮਲੇ ਪਾਜ਼ੇਟਿਵ ਕਰੋਨਾ ਦੇ ਮਿਲੇ ਹਨ ਜਦਕਿ 98 ਮੌਤਾਂ ਹੋਈਆਂ ਹਨ ਅਤੇ 4438 ਮਰੀਜ਼ ਠੀਕ ਵੀ ਹੋਏ ਹਨ।
ਸੂਬੇ ਵਿੱਚ ਕਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਰਕਾਰ ਵੱਲੋਂ ਦਿਨੋ ਦਿਨ ਸਖ਼ਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਸਰਕਾਰ ਵੱਲੋਂ ਦੁਕਾਨਾਂ 5 ਵਜੇ ਬੰਦ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ ਅਤੇ ਰਾਤ ਦਾ ਕਰਫ਼ਿਊ ਵੀ ਦੋ ਘੰਟਿਆਂ ਲਈ ਵਧਾ ਦਿਤਾ ਗਿਆ ਹੈ। ਪੰਜਾਬ ਵਿਚ ਹੁਣ ਕਰਫ਼ਿਊ ਦਾ ਸਮਾਂ 6 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕੀਤਾ ਗਿਆ ਹੈ।
ਵੱਖ ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਲੁਧਿਆਣਾ ਵਿੱਚ ਕਰੋਨਾ ਦੇ 753 ਪਾਜ਼ੇਟਿਵ ਮਾਮਲੇ ਮਿਲੇ ਹਨ। ਜਲੰਧਰ ਵਿੱਚ 658 ਕਰੋਨਾ ਪਾਜ਼ੇਟਿਵ ਮਾਮਲੇ ਮਿਲੇ ਹਨ। ਐਸ.ਏ.ਐਸ. ਨਗਰ ਵਿਚ 749 ਦੇ ਕਰੀਬ ਪਾਜ਼ੇਟਿਵ ਮਾਮਲੇ ਹਨ ਅਤੇ ਪਟਿਆਲਾ ਤੋਂ 456 ਮਾਮਲੇ ਸਾਹਮਣੇ ਆਏ ਹਨ। ਪ੍ਰਾਪਤ ਹੋਈਆਂ ਖ਼ਬਰਾਂ ਮੁਤਾਬਕ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਪਿਛਲੇ 24 ਘੰਟਿਆਂ ਦੌਰਾਨ 31 ਵਿਅਕਤੀਆਂ ਨੇ ਦਮ ਤੋੜਿਆ ਹੈ। ਸਥਿਤੀ ਇਹ ਬਣ ਗਈ ਹੈ ਉਥੇ ਮੋਰਚਰੀ ਵਿੱਚ ਲਾਸ਼ਾਂ ਰੱਖਣ ਲਈ ਵੀ ਥਾਂ ਨਹੀਂ ਮਿਲ ਰਹੀ। ਜ਼ਿਕਰਯੋਗ ਹੈਕਿ ਹਸਪਤਾਲ ਵਿਚ ਸਿਰਫ਼ 16 ਲਾਸ਼ਾਂ ਰੱਖਣ ਦਾ ਪ੍ਰਬੰਧ ਹੈ।
ਇਸ ਤੋਂ ਇਲਾਵਾ ਅੰਮਿ੍ਰਤਸਰ ਵਿੱਚ 415, ਹੁਸ਼ਿਆਰਪੁਰ ਵਿਚ 251, ਬਠਿੰਡਾ ਵਿਚ 468, ਗੁਰਦਾਸਪੁਰ ਵਿਚ 204, ਕਪੂਰਥਲਾ ਵਿੱਚ 166, ਐਸ.ਬੀ.ਐਸ. ਨਗਰ ਵਿਚ 69, ਪਠਾਨਕੋਟ ਵਿੱਚ 222, ਸੰਗਰੂਰ ਵਿੱਚ 154, ਫ਼ਿਰੋਜ਼ਪੁਰ ਵਿੰਚ 161, ਰੋਪੜ ਵਿੰਚ 147, ਫ਼ਰੀਦਕੋਟ ਵਿੱਚ 149, ਫ਼ਾਜ਼ਿਲਕਾ ਵਿੱਚ 166, ਮੁਕਤਸਰ ਵਿੱਚ 277, ਫ਼ਤਿਹਗੜ੍ਹ ਸਾਹਿਬ ਵਿੰਚ 57, ਮੋਗਾ ਵਿੱਚ 112, ਤਰਨ ਤਾਰਨ ਵਿੱਚ 253, ਮਾਨਸਾ ਵਿੱਚ 382, ਬਰਨਾਲਾ ਵਿੱਚ 49 ਮਾਮਲੇ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।