ਪਟਿਆਲਾ : ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫਤਰ ਦੇ ਸਾਹਮਣੇ ਅੱਜ ਫਿਰ ਧਰਨਾ ਲਾਇਆ ਗਿਆ । ਤਨਖਾਹਾਂ, ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਅਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਲਈ ਮੰਗਾਂ ਨੂੰ ਲੈ ਕੇ ਇਹ ਧਰਨਾ ਚਾਰ ਮੁੱਦਿਆਂ ਨੂੰ ਲੈ ਕੇ ਲਗਾਇਆ ਗਿਆ । ਇਸ ਵਿਚ ਪੂਟਾ, ਏ-ਕਲਾਸ ਐਸੋਸੀਏਸ਼ਨ, ਬੀ. ਅਤੇ ਸੀ. ਕਲਾਸ ਕਰਮਚਾਰੀ ਸੰਘ ਅਤੇ ਪੈਨਸ਼ਰਨਜ਼ ਵੈਲਫੇਅਰ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ । ਇਸ ਧਰਨੇ ਵਿਚ ਵੱਖ ਵੱਖ ਬੁਲਾਰਿਆਂ ਨੇ ਰੋਸ ਜ਼ਾਹਿਰ ਕੀਤਾ ਕਿ ਕਿ ਪੰਜਾਬ ਸਰਕਾਰ ਨੂੰ ਵੱਖ-ਵੱਖ ਮੁਦਿੱਆਂ ਤੇ ਸਮੇਂ-ਸਮੇਂ ਤੇ ਦਿੱਤੇ ਗਏ ਮੰਗ ਪੱਤਰਾਂ ਦੇ ਬਾਵਜੂਦ ਨਾ ਤਾਂ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਘਾਟੇ ਵਿਚੋਂ ਕੱਢਣ ਲਈ ਕੋਈ ਯੱਕਮੁਸ਼ਤ ਗਰਾਂਟ ਦਿੱਤੀ ਹੈ, ਨਾ ਹੀ ਬਜਟ ਵਿਚ ਐਲਾਨੀ 90 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਹੈ, ਅਤੇ ਨਾ ਹੀ ਪੰਜਾਬੀ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਿਚ ਕੋਈ ਵਾਧਾ ਕੀਤਾ ਹੈ। ਇਸ ਦੇ ਨਾਲ-ਨਾਲ ਅਪ੍ਰੈਲ ਦੇ ਮਹੀਨੇ ਵਿਚ ਵੀ ਅੱਧਾ ਮਹੀਨਾ ਲੰਘ ਜਾਣ ਦੇ ਬਾਵਜੂਦ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਨਾ ਤਾਂ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ ਨਹੀਂ ਹੋ ਸਕੀਆਂ। ਅੱਜ ਨਵੇਂ ਬਣੇ ਵੀ.ਸੀ. ਡਾ. ਅਰਵਿੰਦ ਨੇ ਵੀ ਜੋਆਇਨ ਕੀਤਾ ਅਤੇ ਆਪਣਾ ਅਹੁਦਾ ਸੰਭਾਲਿਆ । ਡਾ. ਅਰਵਿੰਦ ਨੇ ਵੀ. ਸੀ. ਦਾ ਅਹੁਦਾ ਸੰਭਾਲਦਿਆਂ ਹੀ ਜੋਆਇੰਟ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਨੂੰ ਬੁਲਾਇਆ ਗਿਆ । ਸੋ ਜੋਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਨਵੇਂ ਵੀ.ਸੀ. ਵੱਲੋਂ ਗੱਲਬਾਤ ਲਈ ਬੁਲਾਏ ਜਾਣ ਉੱਤੇ ਮੀਟਿੰਗ ਕੀਤੀ ਗਈ ਜਿਸ ਵਿੱਚ ਡਾ. ਅਰਵਿੰਦ ਨੇ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ । ਪ੍ਰੋ. ਅਰਵਿੰਦ ਨੇ ਜੋਆਇੰਟ ਐਕਸਨ ਕਮੇਟੀ ਦੇ ਨੁਮਾਇੰਦਿਆਂ ਜਿਸ ਵਿੱਚ ਡਾ. ਨਿਸ਼ਾਨ ਸਿੰਘ ਦਿਉਲ, ਡਾ. ਰਾਜਦੀਪ ਸਿੰਘ, ਬੀ ਐੰਡ ਸੀ ਕਲਾਸ ਤੋਂ ਜਗਤਾਰ ਸਿੰਘ ਅਤੇ ਏ ਕਲਾਸ ਵਿਚੋਂ ਗੁਰਿੰਦਰਪਾਲ ਸਿੰਘ ਬੱਬੀ ਅਤੇ ਪੈਨਸ਼ਨਰ ਵਲੋਂ ਡਾ. ਕੁਲਵਿੰਦਰ ਸਿੰਘ ਦੀ ਮੰਗਾਂ ਸੰਬੰਧੀ ਗੱਲਬਾਤ ਸੁਣੀ। ਡਾ. ਅਰਵਿੰਦ ਨੇ ਭਰੋਸਾ ਦਿੱਤਾ ਕਿ ਇਹਨਾਂ ਮੰਗਾਂ ਸੰਬੰਧੀ ਠੋਸ ਹੱਲ ਜਲਦੀ ਹੀ ਕਢ ਦਿੱਤਾ ਜਾਵੇਗਾ। ਕਮੇਟੀ ਦੇ ਬੁਲਾਰੇ ਡਾ. ਰਾਜਦੀਪ ਸਿੰਘ ਨੇ ਦੱਸਿਆ ਕਿ ਨਵੇਂ ਵੀ.ਸੀ ਡਾ. ਅਰਵਿੰਦ ਦੁਆਰਾ ਭਰੋਸਾ ਦੇਣ ਕਰਕੇ ਜੁਆਇੰਟ ਐਕਸ਼ਨ ਕਮੇਟੀ ਆਪਣੇ ਸੰਘਰਸ਼ ਨੂੰ ਫਿਲਹਾਲ ਵਿਰਾਮ ਦਿੰਦੀ ਹੈ । ਅਹੁਦੇਦਾਰਾਂ ਨੇ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਨਵੇਂ ਵੀ.ਸੀ ਦਾ ਸੁਆਗਤ ਕਰਦੀ ਅਤੇ ਪ੍ਰੋ. ਅਰਵਿੰਦ ਉੱਤੇ ਵਿਸ਼ਵਾਸ਼ ਜਿਤਾਉਂਦੇ ਹੋਏ ਧਰਨਾ ਖਤਮ ਕਰ ਦਿੱਤਾ ਹੈ ਅਤੇ ਨਵੇਂ ਵੀਸੀ ਦੇ ਕੰਮ ਦਾ ਇੰਤਜਾਰ ਕੀਤਾ ਜਾਵੇਗਾ ਪਰ ਜੇ ਮੰਗਾਂ ਦਾ ਹੱਲ ਨਹੀਂ ਕਢਿਆ ਗਿਆ ਤਾਂ ਸੰਘਰਸ਼ ਫਿਰ ਕੀਤਾ ਜਾਵੇਗਾ ।