ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ 28 ਫਰਵਰੀ 2024 ਦਿਨ ਬੁੱਧਵਾਰ ਨੂੰ ਹੋਣ ਜਾ ਰਹੀ 40ਵੀਂ ਕਾਨਵੋਕੇਸ਼ਨ ਦੀਆਂ ਤਿਆਰੀਆਂ ਜੋਰਾਂ ਉੱਤੇ ਹਨ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਗਠਿਤ ਵੱਖ-ਵੱਖ ਕਮੇਟੀਆਂ ਆਪੋ ਆਪਣੇ ਹਿੱਸੇ ਦੇ ਕਾਰਜ ਮੁਕੰਮਲ ਕਰਨ ਵਿੱਚ ਲੱਗੀਆਂ ਹੋਈਆਂ ਹਨ। ਪ੍ਰੋ. ਅਰਵਿੰਦ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲ਼ਣ ਤੋਂ ਬਾਅਦ ਇਹ ਲਗਾਤਾਰ ਦੂਜੀ ਕਾਨਵੋਕੇਸ਼ਨ ਹੈ। ਜਿ਼ਕਰਯੋਗ ਹੈ ਕਿ ਪਹਿਲਾਂ ਕਈ ਸਾਲ ਤੱਕ ਯੂਨੀਵਰਸਿਟੀ ਵਿਖੇ ਕਾਨਵੋਕੇਸ਼ਨ ਨਹੀਂ ਹੋ ਸਕੀ ਸੀ। ਇਸ ਕਾਨਵੋਕੇਸ਼ਨ ਵਿੱਚ 8 ਫਰਵਰੀ 2022 ਤੋਂ 12 ਫਰਵਰੀ 2024 ਤੱਕ ਪੀ-ਐੱਚ.ਡੀ. ਡਿਗਰੀ ਪੂਰੀ ਕਰਨ ਵਾਲ਼ੇ ਖੋਜਾਰਥੀਆਂ ਨੂੰ ਡਿਗਰੀਆਂ ਵੰਡੀਆਂ ਜਾਣਗੀਆਂ। ਇਸ ਤੋਂ ਇਲਾਵਾ ਪੋਸਟ-ਗਰੈਜੂਏਟ ਅਤੇ ਪ੍ਰੋਫੈਸ਼ਨਲ ਕੋਰਸਾਂ ਦੇ ਫ਼ਸਟ ਕਲਾਸ ਫ਼ਸਟ ਉਮੀਦਵਾਰਾਂ ਅਤੇ ਕੁੱਝ ਹੋਰ ਗਤੀਵਿਧੀਆਂ ਨਾਲ਼ ਸੰਬੰਧਤ ਵਿਦਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ ਜਾਣੇ ਹਨ। ਪ੍ਰੋ. ਅਰਵਿੰਦ ਨੇ ਕਿਹਾ ਕਿ ਪੀ-ਐੱਚ.ਡੀ. ਜਿਹੀ ਵੱਕਾਰੀ ਡਿਗਰੀ ਪੂਰੀ ਕਰਨ ਵਾਲ਼ੇ ਹਰੇਕ ਖੋਜਾਰਥੀ ਦੇ ਮਨ ਵਿੱਚ ਇਹ ਰੀਝ ਹੁੰਦੀ ਹੈ ਕਿ ਉਹ ਬਕਾਇਦਾ ਗਾਊਨ ਪਾ ਕੇ ਰਸਮੀ ਰੂਪ ਵਿੱਚ ਡਿਗਰੀ ਪ੍ਰਾਪਤ ਕਰੇ। ਇਸ ਲਈ ਕਾਨਵੋਕੇਸ਼ਨ ਕਿਸੇ ਵੀ ਅਦਾਰੇ ਦੀ ਇੱਕ ਬਹੁਤ ਅਹਿਮ ਗਤੀਵਿਧੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ 39ਵੀਂ ਕਾਨਵੋਕੇਸ਼ਨ ਵਿੱਚ ਵੀ ਖੋਜਾਰਥੀ ਬਹੁਤ ਉਤਸ਼ਾਹ ਨਾਲ਼ ਪੁੱਜੇ ਸਨ ਅਤੇ ਡਿਗਰੀਆਂ ਪ੍ਰਾਪਤ ਕੀਤੀਆਂ ਸੀ।
ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਤਿਵਾੜੀ ਨੇ ਦੱਸਿਆ ਕਿ ਰੈਗੂਲਰ ਉਮੀਦਵਾਰਾਂ ਨੂੰ ਉਨ੍ਹਾਂ ਦੀਆਂ ਸੰਸਥਾਵਾਂ/ਵਿਭਾਗਾਂ ਰਾਹੀਂ ਅਤੇ ਪ੍ਰਾਈਵੇਟ ਉਮੀਦਵਾਰਾਂ ਨੂੰ ਸਿੱਧੇ ਤੌਰ ਉੱਤੇ ਸੱਦਾ ਪੱਤਰ ਭੇਜ ਦਿੱਤੇ ਗਏ ਹਨ। ਜਿਨ੍ਹਾਂ ਉਮੀਦਵਾਰਾਂ ਨੂੰ 21 ਫਰਵਰੀ 2024 ਤੱਕ ਸੱਦਾ ਪੱਤਰ ਪ੍ਰਾਪਤ ਨਹੀਂ ਹੁੰਦੇ, ਉਹ ਟੈਲੀਫੋਨ ਨੰਬਰ 0175-513-6399 ਰਾਹੀਂ ਪ੍ਰੀਖਿਆ ਸ਼ਾਖਾ ਨਾਲ਼ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਨਵੋਕੇਸ਼ਨ ਲਈ ਅਕਾਦਮਿਕ ਵਸਤਰਾਂ (ਗਾਊਨ) ਵਿੱਚ ਲਾਜ਼ਮੀ ਰਿਹਰਸਲ ਮਿਤੀ 27-02-2024 ਦਿਨ ਮੰਗਲਵਾਰ ਨੂੰ ਸਵੇਰੇ 11:00 ਵਜੇ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਗੁਰੂ ਤੇਗ ਬਹਾਦਰ ਹਾਲ ਵਿਖੇ ਹੋਵੇਗੀ। ਜਿਹੜੇ ਉਮੀਦਵਾਰ ਸੰਬੰਧਤ ਅਧਿਕਾਰੀ ਵੱਲੋਂ ਤਸਦੀਕ ਕੀਤੇ ਸ਼ਨਾਖਤੀ ਐਂਟਰੀ ਕਾਰਡ ਆਪਣੇ ਨਾਲ਼ ਨਹੀਂ ਲਿਆਉਣਗੇ ਜਾਂ ਰਿਹਰਸਲ ਅਟੈਂਡ ਨਹੀਂ ਕਰਨਗੇ, ਉਨ੍ਹਾਂ ਨੂੰ ਕਨਵੋਕੇਸ਼ਨ ਵਿੱਚ ਸ਼ਾਮਿਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਕਾਦਮਿਕ ਵਸਤਰ (ਗਾਊਨ) ਰਿਹਰਸਲ ਸ਼ੁਰੂ ਹੋਣ ਤੋਂ ਪਹਿਲਾਂ ਸਾਇੰਸ ਆਡੀਟੋਰੀਅਮ ਵਿੱਚ ਸਥਾਪਿਤ ਕੀਤੇ ਗਏ ਸਟਾਲ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਵਸਤਰ ਕਾਨਵੋਕੇਸ਼ਨ ਸਮਾਪਤ ਹੋਣ ਉਪਰੰਤ ਸਪਲਾਇਰਜ਼ ਨੂੰ ਵਾਪਸ ਕੀਤੇ ਜਾਣੇ ਹਨ। ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ ਇਸ ਕਾਨਵੋਕੇਸ਼ਨ ਵਿੱਚ ਵੱਖ-ਵੱਖ ਫ਼ੈਕਲਟੀਆਂ ਦੇ ਤਕਰੀਬਨ 510 ਖੋਜਾਰਥੀਆਂ ਨੂੰ ਪੀ-ਐੱਚ. ਡੀ. ਡਿਗਰੀ ਪ੍ਰਦਾਨ ਕੀਤੀ ਜਾਣੀ ਹੈ। ਇਸ ਤੋਂ ਇਲਾਵਾ 146 ਵਿਦਿਆਰਥੀਆਂ ਨੂੰ ਵੱਖ-ਵੱਖ ਮੈਡਲ ਪ੍ਰਦਾਨ ਕੀਤੇ ਜਾਣੇ ਹਨ। ਇਨ੍ਹਾਂ ਮੈਡਲਾਂ ਵਿੱਚ 98 ਪੋਸਟ ਗਰੈਜੂਏਟ/ ਪ੍ਰੋਫ਼ੈਸ਼ਨਲ ਮੈਡਲ, 45 ਗਰੈਜੂਏਟ ਮੈਡਲ, ਇੱਕ ਚਾਂਸਲਰ ਮੈਡਲ, ਇੱਕ ਖੇਡ ਗਤੀਵਿਧੀ ਮੈਡਲ, ਇੱਕ ਸੱਭਿਆਚਾਰਕ ਗਤੀਵਿਧੀ ਮੈਡਲ ਅਤੇ ਨੌਂ ਡੋਨੇਟਡ ਮੈਡਲ ਸ਼ਾਮਿਲ ਹਨ।