ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਵੱਖ ਵੱਖ ਭਸ਼ਾਵਾਂ ਦੇ ਆਪਸੀ ਤਾਲਮੇਲ ਨਾਲ ਅੱਗੇ ਵਧਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਅੱਜ ਇਥੇ ਸੈਨਟ ਹਾਲ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਅਤੇ ਅਖਿਲ ਭਾਰਤੀਯ ਸਾਹਿਤ ਪਰਿਸ਼ਦ ਵੱਲੋਂ ਪਦਮ ਸ੍ਰੀ ਹਰਮਿੰਦਰ ਸਿੰਘ ਬੇਦੀ ਦੇ ਸਹਿਤ ਦੇ ਵੱਖ ਵੱਖ ਪਹਿਲੂਆਂ ਉੱਤੇ ਕਰਵਾਈ ਗਈ ਵਿਚਾਰ ਚਰਚਾ ਦੌਰਾਨ ਪ੍ਰੋ. ਅਰਵਿੰਦ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦਾ ਦੂਜੀ ਭਾਸ਼ਾ ਨਾਲ ਕੋਈ ਟਕਰਾਅ ਨਹੀਂ ਹੈ। ਇਹ ਭਾਸ਼ਾਵਾਂ ਕੇਵਲ ਆਪਸੀ ਸਹਿਹੋਂਦ ਨਾਲ ਹੀ ਅੱਗੇ ਵੱਧ ਸਕਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬੀ ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਕਾਫੀ ਨੇੜਤਾ ਹੈ ਅਤੇ ਇਹਨਾਂ ਭਾਸ਼ਾਵਾਂ ਵੱਲੋਂ ਇੱਕ-ਦੂਜੀ ਭਾਸ਼ਾ ਦੇ ਅਨੇਕਾਂ ਸ਼ਬਦਾਂ ਨੂੰ ਗ੍ਰਹਿਣ ਕੀਤਾ ਹੋਇਆ ਹੈ ਜੋ ਦੀ ਨਿਸ਼ਾਨਦੇਹੀ ਕਰਦੇ ਹਨ।
ਉਹਨਾਂ ਕਿਹਾ ਕਿ ਵੱਖ ਵੱਖ ਭਾਸ਼ਾਵਾਂ ਵਿੱਚ ਪੈਦਾ ਕੀਤੇ ਜਾਅਲੀ ਟਕਰਾਅ ਨੂੰ ਖਤਮ ਕਰਨ ਲਈ ਸੰਜੀਦਗੀ ਨਾਲ ਕੰਮ ਕੀਤੇ ਜਾਣ ਦੀ ਲੋੜ ਹੈ ਇਸੇ ਦੌਰਾਨ ਉਹਨਾਂ ਨੇ ਵੱਖ ਵੱਖ ਭਾਸ਼ਾਵਾਂ ਦੇ ਸਹਿਤ ਦੇ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਜਾਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਅਨੁਵਾਦ ਨਾਲ ਅਸੀਂ ਦੂਜੇ ਸਮਾਜਾਂ ਅਤੇ ਸੱਭਿਆਚਾਰਾਂ ਨੂੰ ਵਧੀਆ ਤਰੀਕੇ ਨਾਲ ਸਮਝ ਸਕਦੇ ਹਾਂ। ਇਸ ਦੌਰਾਨ ਉਹਨਾਂ ਨੇ ਡਾ. ਹਰਮਿੰਦਰ ਸਿੰਘ ਬੇਦੀ ਵੱਲੋਂ ਕੀਤੇ ਗਏ ਕਾਰਜਾਂ ਦੀ ਪੜਚੋਲ ਕੀਤੀ ਅਤੇ ਉਹਨਾਂ ਵੱਲੋਂ ਸਾਹਿਤ ਦੇ ਖੇਤਰ ਵਿੱਚ ਦਿੱਤੇ ਗਏ ਯੋਗਦਾਨ ਦੀ ਸਰਾਨਾ ਕੀਤੀ। ਇਸ ਦੌਰਾਨ ਆਪਣਾ ਕੁੰਜੀਵੱਤ ਭਾਸ਼ਣ ਦਿੰਦਿਆਂ ਡਾ. ਸੁਖਵਿੰਦਰ ਕੌਰ ਬਾਠ ਨੇ ਕਿਹਾ ਕਿ ਹਰਮਹਿੰਦਰ ਸਿੰਘ ਬੇਦੀ ਨੇ ਹਿੰਦੀ ਸਾਹਿਤ ਖੇਤਰ ਉੱਚ ਮਿਆਰੀ ਕੰਮ ਕੀਤਾ ਹੈ। ਮੱਧਕਾਲੀ ਹਿੰਦੀ ਸਾਹਿਤ, ਦਰਸ਼ਨ, ਆਧੁਨਿਕ ਹਿੰਦੀ ਸਾਹਿਤ ਅਤੇ ਵਿਸ਼ੇਸ਼ ਤੌਰ ਉੱਤੇ ਉਨ੍ਹਾਂ ਵੱਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਸੰਬੰਧਤ ਕਾਰਜ ਇੱਕ ਵਿਸ਼ੇਸ਼ ਮੁਕਾਮ ਰੱਖਦੇ ਹਨ।
ਇਸ ਮੌਕੇ ਪਦਮ ਸ੍ਰੀ ਹਰਮਹਿੰਦਰ ਸਿੰਘ ਬੇਦੀ ਨੇ ਵੀ ਆਪਣੀ ਰਚਨਾ ’ਤੇ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਨੇ ਲੰਮੇ ਸਾਹਿਤਕ ਜੀਵਨ ਦੌਰਾਨ ਆਏ ਉਤਰਾਵਾਂ ਅਤੇ ਚੜ੍ਹਾਵਾਂ ਨੂੰ ਵੀ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕੀਤਾ। ਗੌਰਤਲਬ ਹੈ ਕਿ ਡਾ. ਬੇਦੀ ਨੇ ਆਪਣਾ ਸਮੁੱਚਾ ਜੀਵਨ ਹਿੰਦ ਸਾਹਿਤ ਦੇ ਲੇਖੇ ਲਾਇਆ ਹੈ ਅਤੇ ਉਨ੍ਹਾਂ ਨੇ ਅਨੇਕਾਂ ਮਾਰਮਿਕ ਪੁਸਤਮਾਂ ਪਾਠਕਾਂ ਨੂੰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਹਿੰਦੀ ਵਿਭਾਗ ਦੀ ਮੁਖੀ ਡਾ. ਰੀਤੂ ਕੌਸ਼ਲ ਨੇ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਡਾ. ਹਰਮਿੰਦਰ ਸਿੰਘ ਬੇਦੀ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਉੱਘੇ ਵਿਦਵਾਨ ਡਾ. ਨੀਲਮ ਰਾਠੀ, ਡਾ. ਅਰਵਿੰਦ ਭੱਲਾ ਅਤੇ ਡਾ. ਰਿਤੇਸ਼ ਸ਼ਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।