ਮਾਲੇਰਕੋਟਲਾ : ਸਥਾਨਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦੇ ਰਿਟਾਇਰਡ ਅਧਿਆਪਕ ਮਾਸਟਰ ਨਜੀਰ ਰਤਨ, ਬਾਕਰ ਹੁਸੈਨ, ਜਫਰ ਅਲੀ ,ਗੁਲਜਾਰ ਮੁਹੰਮਦ ਅਤੇ ਮੁਹੰਮਦ ਅਸ਼ਰਫ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਵਕਫ਼ ਬੋਰਡ ਦਾ ਆਪਣੇ ਰਿਟਾਇਰਡ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਪ੍ਰਸੰਸਾਯੋਗ ਅਤੇ ਇੱਕ ਇਤਿਹਾਸਿਕ ਕਦਮ ਹੈ l ਪੰਜਾਬ ਵਕਫ ਬੋਰਡ ਵੱਲੋਂ ਲਏ ਗਏ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਕਿਹਾ ਕਿ ਅਸੀਂ ਉਹ ਅਧਿਆਪਕ ਹਾਂ ਜਿਨਾਂ ਨੇ ਬਹੁਤ ਹੀ ਘੱਟ ਤਨਖਾਹਾਂ ਤੇ ਅਧਿਆਪਨ ਸੇਵਾਵਾਂ ਦੇ ਕੇ ਸ਼ਹਿਰ ਦੇ ਇੱਕ ਵੱਡੇ ਵਰਗ ਨੂੰ ਸਿਖਿਅਤ ਕੀਤਾ ਹੈ l ਜਿਸ ਦੇ ਕਾਰਨ ਉਹ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਵਕੀਲ, ਅਧਿਆਪਕ ਅਤੇ ਹੋਰ ਵੱਡੇ ਅਫਸਰ ਬਣ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਵੱਖ ਵੱਖ ਖੇਤਰਾਂ ਵਿੱਚ ਆਪਣਾ ਨਾਮ ਕਮਾਉਣ ਦੇ ਯੋਗ ਹੋ ਸਕੇ ਹਨ l ਇਹਨਾ ਅਧਿਆਪਕਾਂ ਨੇ ਦੱਸਿਆ ਕਿ ਉਨਾਂ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਸ੍ਰੀ ਫਯਾਜ ਫਾਰੂਕੀ ਅਤੇ ਸੀ ਈ ਓ ਸ੍ਰੀ ਲਤੀਫ ਅਹਿਮਦ ਥਿੰਦ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਨਾ ਹੋਣ ਕਾਰਨ ਉਹਨਾਂ ਦੀ ਜ਼ਿੰਦਗੀ ਬੜੀ ਮੁਸ਼ਕਿਲਾਂ ਵਾਲੀ ਬਣ ਗਈ ਹੈ l ਇਸ ਬੇਨਤੀ ਤੇ ਅਮਲ ਕਰਦੇ ਹੋਏ ਹੀ ਪੰਜਾਬ ਵਕਫ਼ ਬੋਰਡ ਨੇ ਆਪਣੇ ਰਿਟਾਇਰਡ ਮੁਲਾਜ਼ਮਾਂ ਦੇ ਲਈ ਪੈਨਸ਼ਨ ਲਾਗੂ ਕਰਕੇ ਅਤੇ ਰਿਟਾਇਰਡ ਅਧਿਆਪਕਾਂ ਦੇ ਲਈ ਪੈਨਸ਼ਨ ਰੂਲਜ਼ ਬਣਾਉਣ ਦੇ ਲਈ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਇੱਕ ਇਤਿਹਾਸਿਕ ਫੈਸਲਾ ਹੈ l