ਰਾਜਪੁਰਾ : ਰਾਜਪੁਰਾ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਬਸੰਤਪੁਰਾ ਦੇ ਨੇੇੜੇ ਟਰੈਕਟਰ ਅਤੇ ਟਰੱਕ ਦੀ ਟੱਕਰ ਹੋਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਬਸੰਤਪੁਰਾ ਦੇ ਨੇੜੇ 13 ਨੌਜਵਾਨ ਸ਼ੰਭੂ ਧਰਨੇ ਵਿੱਚ ਜਾ ਰਹੇ ਸਨ ਜਦੋਂ ਉਹ ਪਿੰਡ ਬਸੰਤਪੁਰਾ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਟਰੈਕਟਰ ਦੀ ਟੱਕਰ ਟਰੱਕ ਨਾਲ ਹੋ ਗਈ ਜਿਸ ਕਾਰਨ ਟਰੈਕਟਰ ਖ਼ਤਾਨਾ ਵਿੱਚ ਜਾ ਡਿੱਗਿਆ ਜਿਸ ਕਾਰਨ ਟਰੈਕਟਰ ਦੇ ਮਡਗਾਰਡ ’ਤੇ ਬੈਠੇ ਨੌਜਵਾਨ (ਗੁਰਜੰਟ ਸਿੰਘ 33 ਸਾਲ) ਦੀ ਟਰੈਕਟਰ ਦੇ ਟਾਇਰ ਥੱਲੇ ਆਉਣ ਕਾਰਨ ਮੌਤ ਹੋ ਗਈ। ਨੌਜਵਾਨ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਵਿਖੇ ਰੱਖਿਆ ਗਿਆ ਹੈ।
ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਮੈਂਬਰ ਸੀ ਅਤੇ ਸ਼ੰਭੂ ਬਾਰਡਰ ’ਤੇ ਧਰਨੇ ’ਤੇ ਜਾ ਰਿਹਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਨੌਜਵਾਨ ਕਿਸਾਨ ਦੇ ਘਰ ਵਿੱਚ ਪਿਛੇ ਹੋਰ ਕਮਾਉਣ ਵਾਲਾ ਕੋਈ ਵੀ ਮੈਂਬਰ ਨਹੀਂ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਦੀਪ ਸਿੰਘ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਨ ਲੈਂਦੀ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ ਪੰਜਾਬ ਦੀ ਨੌਜਵਾਨੀ ਇਸ ਤਰ੍ਹਾਂ ਬੇਅਰਥੀ ਹੀ ਆਪਣੀਆਂ ਜਾਨਾਂ ਨਾ ਗੁਵਾਉਂਦੀ। ਜ਼ਿਕਰਯੋਗ ਹੈ ਕਿ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਕੀਤੇ ਐਲਾਨ ਤਹਿਤ ਹਰਿਆਣਾ ਦੀਆਂ ਸਰਹੱਦਾਂ ’ਤੇ ਲਗਾਈਆਂ ਰੋਕਾਂ ਨੂੰ ਹਟਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ। ਬੀਤੇ ਦਿਨ ਇਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬੀਤੇ ਦਿਨ ਇਕ ਕਿਸਾਨ ਦਰਸ਼ਨ ਸਿੰਘ ਦੀ ਮੌਤ ਹੋ ਚੁੱਕੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮੋਮਬੱਤੀ ਮਾਰਚ ਕੱਢਣ ਦਾ ਫ਼ੈਸਲਾ ਲਿਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ 25 ਫ਼ਰਵਰੀ ਨੂੰ ਸ਼ੰਭੂ ਅਤੇ ਖ਼ਨੌਰੀ ਬਾਰਡਰ ’ਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। 26 ਫ਼ਰਵਰੀ ਨੂੰ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ’ਤੇ ਪੁਤਲੇ ਸਾੜੇ ਜਾਣਗੇ ਅਤੇ 27 ਫ਼ਰਵਰੀ ਨੂੰ ਰਾਸ਼ਟਰੀ ਪੱਧਰ ਦੀ ਬੈਠਕ ਹੋਵੇਗੀ। 29 ਫ਼ਰਵਰੀ ਨੂੰ ਕਿਸਾਨਾਂ ਵੱਲੋਂ ਵੱਡੇ ਸੰਘਰਸ਼ ਦਾ ਫ਼ੈਸਲਾ ਲੈਣ ਦੀਆਂ ਕਨਸੌਆਂ ਵੀ ਮਿਲ ਰਹੀਆਂ ਹਨ।