ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਐਲਾਨ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਵਿਚ ਕਰੀਬ 20 ਸਾਲ ਤੋਂ ਜਾਰੀ ਅਮਰੀਕਾ ਦੀ ਫ਼ੌਜੀ ਮੁਹਿੰਮ 31 ਅਗਸਤ ਨੂੰ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੰਗਗ੍ਰਸਤ ਦੇਸ਼ ਵਿਚ ਅਮਰੀਕਾ ‘ਰਾਸ਼ਟਰ ਨਿਰਮਾਣ’ ਲਈ ਨਹੀਂ ਗਿਆ ਸੀ। ਅਮਰੀਕਾ ਦੇ ਸਭ ਤੋਂ ਲੰਮੇ ਸਮੇਂ ਤਕ ਚਲੇ ਯੁੱਧ ਤੋਂ ਅਮਰੀਕੀ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੇ ਅਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਬਾਇਡਨ ਨੇ ਕਿਹਾ ਕਿ ਅਮਰੀਕਾ ਦੇ ਚਾਹੇ ਕਿੰਨੇ ਵੀ ਫ਼ੌਜੀ ਅਫ਼ਗ਼ਾਨਿਸਤਾਨ ਵਿਚ ਲਗਾਤਾਰ ਮੌਜੂਦ ਰਹਿਣ ਪਰ ਉਥੋਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਢਿਆ ਜਾ ਸਕੇਗਾ।