ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਐਲਾਨ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਵਿਚ ਕਰੀਬ 20 ਸਾਲ ਤੋਂ ਜਾਰੀ ਅਮਰੀਕਾ ਦੀ ਫ਼ੌਜੀ ਮੁਹਿੰਮ 31 ਅਗਸਤ ਨੂੰ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੰਗਗ੍ਰਸਤ ਦੇਸ਼ ਵਿਚ ਅਮਰੀਕਾ ‘ਰਾਸ਼ਟਰ ਨਿਰਮਾਣ’ ਲਈ ਨਹੀਂ ਗਿਆ ਸੀ। ਅਮਰੀਕਾ ਦੇ ਸਭ ਤੋਂ ਲੰਮੇ ਸਮੇਂ ਤਕ ਚਲੇ ਯੁੱਧ ਤੋਂ ਅਮਰੀਕੀ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੇ ਅਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਬਾਇਡਨ ਨੇ ਕਿਹਾ ਕਿ ਅਮਰੀਕਾ ਦੇ ਚਾਹੇ ਕਿੰਨੇ ਵੀ ਫ਼ੌਜੀ ਅਫ਼ਗ਼ਾਨਿਸਤਾਨ ਵਿਚ ਲਗਾਤਾਰ ਮੌਜੂਦ ਰਹਿਣ ਪਰ ਉਥੋਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਢਿਆ ਜਾ ਸਕੇਗਾ।
ਬਾਇਡਨ ਨੇ ਰਾਸ਼ਟਰੀ ਸੁਰੱਖਿਆ ਦਲ ਨਾਲ ਬੈਠਕ ਦੇ ਬਾਅਦ ਅਫ਼ਗ਼ਾਨਿਸਤਾਨ ਬਾਰੇ ਅਪਣੇ ਪ੍ਰਮੁੱਖ ਨੀਤੀ ਭਾਸ਼ਨ ਵਿਚ ਕਿਹਾ ਕਿ ਅਮਰੀਕਾ ਨੇ ਦੇਸ਼ ਵਿਚ ਅਪਣੇ ਟੀਚੇ ਪੂਰੇ ਕਰ ਲਏ ਹਨ ਅਤੇ ਫ਼ੌਜੀਆਂ ਦੀ ਵਾਪਸੀ ਲਈ ਇਹ ਸਮਾਂ ਉਚਿਤ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ ਅਫ਼ਗ਼ਾਨਿਸਤਾਨ ਵਿਚ ਸਾਡਾ ਫ਼ੌਜੀ ਮਿਸ਼ਨ 31 ਅਗਸਤ ਨੂੰ ਪੂਰਾ ਹੋ ਜਾਵੇਗਾ। ਫ਼ੌਜੀਆਂ ਦੀ ਵਾਪਸੀ ਦਾ ਕੰਮ ਸੁਰੱਖਿਅਤ ਅਤੇ ਸਹੀ ਢੰਗ ਨਾਲ ਹੋ ਰਿਹਾ ਹੈ ਜਿਸ ਵਿਚ ਵਾਪਸ ਆ ਰਹੇ ਫ਼ੌਜੀਆਂ ਦੀ ਸੁਰੱਖਿਆ ਸਭ ਤੋਂ ਸਿਖਰ ’ਤੇ ਹੈ।’ ਜੰਗ ਦਾ ਕੇਂਦਰ ਰਹੇ ਬਗਰਾਮ ਏਅਰਬੇਸ ਨੂੰ ਵੀ ਅਮਰੀਕੀ ਫ਼ੌਜੀਆਂ ਨੇ ਛੱਡ ਦਿਤਾ ਹੈ।
ਉਨ੍ਹਾਂ ਕਿਹਾ, ‘ਅਸੀਂ ਅਫ਼ਗ਼ਾਨਿਸਤਾਨ ਵਿਚ ਰਾਸ਼ਟਰ ਨਿਰਮਾਣ ਲਈ ਨਹੀਂ ਗਏ ਸੀ। ਅਪਣੇ ਭਵਿੱਖ ਬਾਰੇ ਫ਼ੈਸਲਾ ਕਰਨ ਦਾ ਅਤੇ ਦੇਸ਼ ਨੂੰ ਚਲਾਉਣ ਦਾ ਅਧਿਕਾਰ ਅਤੇ ਜ਼ਿੰਮੇਵਾਰੀ ਸਿਰਫ਼ ਅਫ਼ਗ਼ਾਨੀ ਲੋਕਾਂ ਦੀ ਹੈ।’ ਅਮਰੀਕਾ ਵਿਚ 11 ਸਤੰਬਰ 2001 ਨੂੰ ਹੋਏ ਅਤਿਵਾਦੀ ਹਮਲੇ ਦੇ ਬਾਅਦ ਅਮਰੀਕੀ ਫ਼ੌਜਾਂ ਨੇ ਲਗਭਗ 20 ਸਾਲ ਤਕ ਅਫ਼ਗ਼ਾਨਿਸਤਾਨ ਵਿਚ ਜੰਗ ਲੜੀ। ਉਨ੍ਹਾਂ ਕਿਹਾ ਕਿ ਇਨ੍ਹਾਂ 20 ਸਾਲਾਂ ਵਿਚ ਇਕ ਹਜ਼ਾਰ ਅਰਬ ਡਾਲਰ ਖ਼ਰਚ ਹੋਏ, 2448 ਅਮਰੀਕੀ ਫ਼ੌਜੀ ਮਾਰੇ ਗਏ ਅਤੇ 20,722 ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਜੰਗ ਨੂੰ ਅਣਮਿੱਥੇ ਸਮੇਂ ਲਈ ਜਾਰੀ ਰਖਣਾ ਅਮਰੀਕਾ ਦੇ ਹਿੱਤ ਵਿਚ ਨਹੀਂ ਹੈ।