ਬਰਨਾਲਾ : ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਦਾ ਅਹਿਸਾਸ ਆਪਣੇ ਆਪ ਵਿੱਚ ਮਾਣਮੱਤਾ ਅਹਿਸਾਸ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰੀ ਹਾਈ ਸਮਾਰਟ ਸਕੂਲ ਜੁਮਲਾ ਮਲਕਾਨ ਵਿਖੇ ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਅਗਵਾਈ ਹੇਠ ਚਾਰ ਰੋਜ਼ਾ ਪ੍ਰਵੇਸ਼ ਸਿਖਲਾਈ ਸੈਮੀਨਾਰ ਲਗਾ ਰਹੇ ਗਣਿਤ ਵਿਸ਼ੇ ਦੇ ਨਵ ਨਿਯੁਕਤ ਅਧਿਆਪਕਾਂ ਨੇ ਕੀਤਾ। ਕਈ ਮਾਪਿਆਂ ਦੇ ਮਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਤੀ ਪਾਏ ਜਾ ਰਹੇ ਸ਼ੰਕਿਆਂ ਦੀ ਨਵਿਰਤੀ ਲਈ ਇਹਨਾਂ ਨਵ-ਨਿਯੁਕਤ ਅਧਿਆਪਕਾਂ ਦੀ ਪ੍ਰਾਪਤੀ ਕਾਫ਼ੀ ਹੈ।ਵਰਨਣਯੋਗ ਹੈ ਕਿ ਸਰਕਾਰੀ ਅਧਿਆਪਕ ਦੀ ਨੌਕਰੀ ਤੱਕ ਪਹੁੰਚਣ ਲਈ ਇਹਨਾਂ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੀ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਉਪਰੰਤ ਮਾਸਟਰ ਕਾਡਰ ਦੀ ਮੁਕਾਬਲਾ ਪ੍ਰੀਖਿਆ ਪਾਸ ਕੀਤੀ ਗਈ।ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਨ ਉਪਰੰਤ ਇਸ ਤਰ੍ਹਾਂ ਦੀਆਂ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਵਾਲੇ ਇਹ ਨਵ -ਨਿਯੁਕਤ ਅਧਿਆਪਕ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਪੜ੍ਹਾਉਣ ਤਕਨੀਕਾਂ ਵਿੱਚ ਆਈ ਤਬਦੀਲੀ ਦੇ ਗਵਾਹ ਹਨ।
ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਸਰਕਾਰੀ ਗਣਿਤ ਮਾਸਟਰ ਦੀ ਨੌਕਰੀ ਪ੍ਰਾਪਤ ਕਰਨ ਵਾਲੇ ਨਵ-ਨਿਯੁਕਤ ਅਧਿਆਪਕਾਂ ਸਪਨਦੀਪ,ਸ਼ਰਨਜੀਤ ਕੌਰ, ਬੇਅੰਤ ਸਿੰਘ, ਤਰਸੇਮ ਸਿੰਘ, ਤਰਵਿੰਦਰ ਸਿੰਘ, ਗੁਰਪ੍ਰੀਤ ਕੌਰ, ਸਪਨਾ ਰਾਣੀ, ਜਸਵੀਰ ਕੌਰ, ਰਣਜੀਤ ਸਿੰਘ, ਹਰਪ੍ਰੀਤ ਕੌਰ, ਕੁਲਦੀਪ ਕੌਰ ਅਤੇ ਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਸਖਤ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਦੇ ਸਮਰੱਥ ਬਣਾਉਣ ਵਿੱਚ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਬਹੁਤ ਵੱਡਾ ਯੋਗਦਾਨ ਹੈ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹਰ ਵਿਸ਼ੇ ਦੇ ਅਧਿਆਪਕ ਵੱਲੋਂ 'ਰੱਟੇ ਦੀ ਬਜਾਏ ਸਮਝ ਕੇ ਪੜ੍ਹਨ" ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।ਹਰ ਵਿਸ਼ੇ ਦੀ ਪੜ੍ਹਾਈ ਪ੍ਰੈਕਟੀਕਲ ਪਹੁੰਚ ਨਾਲ ਕਰਵਾਈ ਜਾ ਰਹੀ ਹੈ।ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਇਹਨਾਂ ਅਧਿਆਪਕਾਂ ਨੇ ਕਿਹਾ ਕਿ ਸਾਡੀ ਸਕੂਲ ਪੜ੍ਹਾਈ 'ਤੇ ਸਾਡੇ ਮਾਪਿਆਂ ਦਾ ਕੋਈ ਬਹੁਤਾ ਖਰਚਾ ਨਹੀਂ ਹੋਇਆ।ਬਤੌਰ ਅਧਿਆਪਕ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਫੀਸ ਕਿਸੇ ਵੀ ਸਕੂਲ ਦਾ ਪੈਮਾਨਾ ਨਹੀਂ ਹੋ ਸਕਦੀ।ਜਰੂਰੀ ਨਹੀਂ ਕਿ ਵੱਧ ਫੀਸ ਅਦਾ ਕਰਕੇ ਹੀ ਬੱਚਾ ਵਧੀਆ ਸਿੱਖਿਆ ਹਾਸਿਲ ਕਰੇਗਾ।ਉਹਨਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਕੇਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ।ਇਸ ਮੌਕੇ ਕਮਲਦੀਪ ਜਿਲ੍ਹਾ ਮੈਂਟਰ ਗਣਿਤ, ਬਲਾਕ ਮੈਂਟਰ ਕ੍ਰਿਸ਼ਨ ਲਾਲ,ਸਤੀਸ਼ ਕੁਮਾਰ, ਸੰਦੀਪ ਸਿੰਘ ਅਤੇ ਕੁਲਦੀਪ ਸਿੰਘ ਵੀ ਹਾਜ਼ਰ ਸਨ।