ਪਟਿਆਲਾ : ਪੰਜਾਬ ਲੋਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ) ਵੱਲੋਂ ਪੰਜਾਬ ਸਿਵਲ ਸੇਵਾ (ਕਾਰਜਕਾਰੀ ਸ਼ਾਖਾ) ਦੀਆਂ ਅਸਾਮੀਆਂ ਦੀ ਭਰਤੀ ਵਾਸਤੇ ਲਈ ਜਾਣ ਵਾਲੀ ਪ੍ਰੀਲਿਮਿਨਰੀ ਪ੍ਰੀਖਿਆ ਵਿੱਚ ਸੀ ਸੈਟ ਦਾ ਪੇਪਰ ਹੁਣ ਕੇਵਲ ਕੁਆਲੀਫਾਇੰਗ ਪੇਪਰ ਵਜੋਂ ਹੀ ਲਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਪੀ.ਪੀ.ਐਸ.ਸੀ. ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਅਜਿਹਾ ਕਰਨ ਲਈ ਪੰਜਾਬ ਸਰਕਾਰ ਨੂੰ ਸਿਫ਼ਾਰਿਸ਼ ਭੇਜੀ ਸੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮੰਨ ਲਿਆ ਹੈ।
ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਅੱਜ ਇੱਥੇ ਕਮਿਸ਼ਨ ਦੇ ਦਫ਼ਤਰ ਵਿਖੇ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਪੰਜਾਬ ਸਿਵਲ ਸੇਵਾ (ਕਾਰਜਕਾਰੀ ਸ਼ਾਖਾ) ਦੀ ਭਰਤੀ ਦੇ ਪ੍ਰੀਲਿਮਿਨਰੀ ਇਮਤਿਹਾਨ ਵਿੱਚ ਸੀ ਸੈਟ ਦੇ ਪੇਪਰ ਨੂੰ ਸੰਘੀ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਦੀ ਤਰਜ 'ਤੇ ਕਰਨ ਦਾ ਫ਼ੈਸਲਾ ਕੀਤਾ ਅਤੇ ਆਪਣੀ ਸਿਫ਼ਾਰਿਸ਼ ਪੰਜਾਬ ਸਰਕਾਰ ਨੂੰ ਭੇਜੀ, ਜਿਸ ਨੂੰ ਮੁੱਖ ਮੰਤਰੀ ਦੀ ਮਨਜ਼ੂਰੀ ਨਾਲ ਸੂਬਾ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ।
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਅੱਗੇ ਦੱਸਿਆ ਕਿ ਪੀ.ਸੀ.ਐਸ. (ਕਾਰਜਕਾਰੀ ਸ਼ਾਖਾ) ਦੀ ਪ੍ਰੀਲਿਮਿਨਰੀ ਪ੍ਰੀਖਿਆ ਵਿੱਚ ਸੀ ਸੈਟ ਪੇਪਰ ਨੂੰ ਹੁਣ ਯੂ.ਪੀ.ਐਸ.ਸੀ. ਦੀ ਤਰਜ 'ਤੇ ਕੇਵਲ ਕੁਆਲੀਫਾਇੰਗ ਪੇਪਰ ਵਜੋਂ ਹੀ ਲਿਆ ਜਾਵੇਗਾ ਅਤੇ ਪੀ.ਸੀ.ਐਸ. ਦੀ ਪ੍ਰੀਲਿਮਿਨਰੀ ਪ੍ਰੀਖਿਆ ਦੀ ਮੈਰਿਟ ਹੁਣ ਕੇਵਲ ਜਨਰਲ ਸਟੱਡੀਜ਼ ਦੇ ਪੇਪਰ ਦੇ ਅਧਾਰਤ ਹੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀ.ਪੀ.ਐਸ.ਸੀ. ਵੱਲੋਂ ਭਵਿੱਖ ਦੇ ਪੀ.ਸੀ.ਐਸ. ਮੇਨ ਇਮਿਤਹਾਨ ਵਿੱਚ ਜਨਰਲ ਸਟੱਡੀਜ਼ ਦੇ ਪੇਪਰ-1 ਵਿੱਚ ਪੰਜਾਬ ਦੇ ਇਤਿਹਾਸ, ਭੂਗੋਲ, ਸੱਭਿਆਚਾਰ ਅਤੇ ਅਰਥ ਵਿਵਸਥਾ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਵੇਗੀ।
ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਫ਼ੈਸਲੇ ਨਾਲ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਖਾਸ ਕਰਕੇ ਪੇਂਡੂ ਤੇ ਪੱਛੜੇ ਖੇਤਰਾਂ ਦੇ ਨੌਜਵਾਨ ਵੀ ਹੁਣ ਮੁਕਾਬਲੇ ਦੀ ਪੀ.ਸੀ.ਐਸ. ਦੀ ਇਸ ਉਚ ਪੱਧਰੀ ਪ੍ਰੀਖਿਆ ਵਿੱਚ ਬੈਠਕੇ ਦੂਜੇ ਪ੍ਰੀਖਿਆਰਥੀਆਂ ਦਾ ਮੁਕਾਬਲਾ ਕਰ ਸਕਣਗੇ। ਇਸ ਮੌਕੇ ਕਮਿਸ਼ਨ ਦੇ ਸਕੱਤਰ ਚਰਨਜੀਤ ਸਿੰਘ ਅਤੇ ਸਕੱਤਰ (ਪ੍ਰੀਖਿਆਵਾਂ) ਵਿਉਮ ਭਾਰਦਵਾਜ ਵੀ ਮੌਜੂਦ ਸਨ।