ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸ਼ਿਲੌਂਗ, ਕੋਹਿਮਾ ਅਤੇ ਮਿਜ਼ੋਰਮ ਵਿੱਚ 'ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2023' ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਹੈ। ਸ਼ਿਲੌਂਗ ਵਿਖੇ ਤੀਰਅੰਦਾਜ਼ੀ ਦੇ ਖੇਤਰ ਵਿੱਚ ਇੱਕ ਸੋਨ ਤਗ਼ਮਾ ਇੱਕ ਚਾਂਦੀ ਤਗ਼ਮਾ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। ਯੂਨੀਵਰਸਿਟੀ ਤੋਂ ਤੀਰਅੰਦਾਜ਼ ਪਵਨ ਨੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਵਿਅਕਤੀਗਤ ਸੋਨ ਤਗ਼ਮਾ ਜਿੱਤਿਆ। ਰਿਕਵਰ ਪੁਰਸ਼ ਟੀਮ, ਜਿਸ ਵਿੱਚ ਜਸਵਿੰਦਰ, ਰੌਬਿਨ, ਦਲੀਪ ਅਤੇ ਪਵਨ ਸ਼ਾਮਿਲ ਸਨ, ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਇਸੇ ਤਰ੍ਹਾਂ ਰਿਕਵਰ ਮਹਿਲਾ ਟੀਮ, ਜਿਸ ਵਿੱਚ ਕਿ ਤਨੀਸ਼ਾ ਵਰਮਾ, ਗੁਰਮੇਹਰ ਕੌਰ, ਹਰਪ੍ਰੀਤ ਕੌਰ ਅਤੇ ਸ਼ਵੇਤਾ ਸ਼ਾਮਿਲ ਸਨ, ਕਾਂਸੀ ਦਾ ਤਗਮਾ ਜਿੱਤਿਆ। ਜਸਵਿੰਦਰ ਨੇ ਵਿਅਕਤੀਗਤ ਤੌਰ ਉੱਤੇ ਕਾਂਸੀ ਦਾ ਤਗ਼ਮਾ ਜਿੱਤਿਆ। ਯੂਨੀਵਰਸਿਟੀ ਦੀ ਕੰਪਾਊਂਡ ਮਿਕਸ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਿਆ ਨੇ ਚੌਥਾ ਸਥਾਨ ਹਾਸਲ ਕੀਤਾ। ਓਧਰ ਨਾਗਾਲੈਂਡ ਦੇ ਕੋਹਿਮਾ ਵਿੱਚ 'ਖੇਲੋ ਇੰਡਿਆ ਯੂਨੀਵਰਸਿਟੀ ਖੇਡਾਂ 2023' ਦੌਰਾਨ ਚੱਲੇ ਕੁਸ਼ਤੀ ਮੁਕਾਬਲਿਆਂ ਵਿੱਚ ਪੰਜਾਬੀ ਯੂਨਵਰਸਿਟੀ ਦੀ ਖਿਡਾਰੀ ਸਵਿਤਾ ਮਲਿਕ ਨੇ 50 ਕਿੱਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ।
ਮਿਜ਼ੋਰਮ ਵਿਖੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2023 ਵਿੱਚ ਪੰਜਾਬੀ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਯੂਨੀਵਰਸਿਟੀ ਆਫ਼ ਕਲਕੱਤਾ ਨੂੰ 2-0 ਨਾਲ਼ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ 1-0 ਨਾਲ਼ ਹਰਾ ਕੇ ਅਗਲੇ ਗੇੜ ਵਿੱਚ ਦਾਖ਼ਲ ਹੋ ਗਈ ਹੈ। ਪੰਜਾਬੀ ਯੂਨਵਰਸਿਟੀ ਦੇ ਉਪ ਕੁਲਪਤੀ ਪ੍ਰੋ ਅਰਵਿੰਦ ਅਤੇ ਖੇਡ ਨਿਰਦੇਸ਼ਕ ਡਾ. ਅਜੀਤਾ ਨੇ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੱਤੀ।