ਸੁਨਾਮ : ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮ ਐਸ ਪੀ ਨੂੰ ਕਾਨੂੰਨੀ ਗਾਰੰਟੀ ਦੇਣ ਸਮੇਤ ਹੋਰਨਾਂ ਕਿਸਾਨੀ ਮੰਗਾਂ ਨੂੰ ਲੈਕੇ ਸੋਮਵਾਰ ਨੂੰ ਕਿਸਾਨਾਂ ਨੇ ਸੁਨਾਮ ਪਟਿਆਲਾ ਸੜਕ ਤੇ ਟਰੈਕਟਰ ਖੜ੍ਹੇ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਨੂੰ ਵੀ ਭੰਡਿਆ। ਇਸ ਮੌਕੇ ਸੀਟੂ ਦੇ ਜ਼ਿਲ੍ਹਾ ਆਗੂ ਕਾਮਰੇਡ ਵਰਿੰਦਰ ਕੌਸ਼ਿਕ, ਬਿੰਦਰਪਾਲ ਸਿੰਘ ਛਾਜਲੀ , ਜਰਨੈਲ ਸਿੰਘ ਜਨਾਲ , ਮਹਿੰਦਰ ਸਿੰਘ ਲੌਂਗੋਵਾਲ, ਐਡਵੋਕੇਟ ਮਿੱਤ ਸਿੰਘ ਜਨਾਲ, ਪ੍ਰਗਟ ਸਿੰਘ ਛਾਜਲੀ ਗਗਨਦੀਪ ਸਿੰਘ ਚੱਠਾ ,ਹਰਜੀਤ ਸਿੰਘ, ਜਰਨੈਲ ਸਿੰਘ,ਨਿਰਮਲ ਸਿੰਘ ਲੱਖਵਿੰਦਰ ਸਿੰਘ ਚਹਿਲ ਪ੍ਰਿਤਪਾਲ ਮੰਡੇਰ ਕਲਾਂ ,ਹਰਦੇਵ ਸਿੰਘ ਲੌਂਗੋਵਾਲ , ਹਰਪਾਲ ਸਿੰਘ,ਜਰਨੈਲ ਸਿੰਘ ਮੰਡੇਰ ਕਲਾਂ,ਪ੍ਰਗਟ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਲਾਗੂ ਕਰਕੇ ਖੇਤੀ ਨੂੰ ਵੱਡੇ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਜਿਹੇ ਵਰਤਾਰੇ ਦਾ ਕਿਸਾਨਾਂ ਵੱਲੋਂ ਡਟਕੇ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਨੇ ਤਿੰਨ ਸਾਲ ਪਹਿਲਾਂ ਜਿਣਸਾਂ ਦੀ ਖ਼ਰੀਦ ਲਈ ਐਮ ਐਸ ਪੀ ਨੂੰ ਕਾਨੂੰਨੀ ਗਾਰੰਟੀ ਦੇਣ ਦਾ ਵਾਅਦਾ ਕੀਤਾ ਸੀ ਲੇਕਿਨ ਸਰਕਾਰ ਹੁਣ ਕੀਤੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ ਵਿਖੇ ਸੱਦੀ ਮਹਾਂ ਕਿਸਾਨ ਪੰਚਾਇਤ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।