ਗੱਲ 1979 ਦੀ ਆ। ਮੈਂ ਹਾਇਰ ਸੈਕੰਡਰੀ ਪਾਸ ਕਰਕੇ, ਜੰਨਤਾ ਡਿਗਰੀ ਕਾਲਜ ਕਰਤਾਰਪੁਰ ਵਿੱਚ ਬੀ.ਏ, ਦੂਜੇ ਭਾਗ ਵਿੱਚ ਦਾਖਲਾ ਲੈ ਲਿਆ। ਸਕੂਲ ਵਿੱਚੋਂ ਨਿੱਕਲ਼ ਕੇ ਕਾਲਜ ਜਾਣਾ, ਮੇਰੇ ਲਈ ਕੋਈ ਸਵੱਰਗਾਂ ਤੋਂ ਘੱਟ ਨਹੀਂ ਸੀ। ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ। ਨਾ ਕਿਸੇ ਮਾਸਟਰ ਦੇ ਝਿੜਕੇ ਦਾ ਡਰ ਤੇ ਨਾ ਅੱਠ ਘੰਟੇ ਸਕੂਲ ਦੀ ਚਾਰ ਦੀਵਾਰੀ ਵਿੱਚ ਕੈਦ। ਸਿਰਫ ਚਾਰ ਸਬਜੈਕਟ ਹੁੰਦੇ ਸਨ। ਕੋਈ ਅੱਧਾ ਕੁ ਦਿਨ ਕਾਲਜ ਵਿੱਚ ਤੇ ਅੱਧਾ ਕੁ ਦਿਨ ਸ਼ਹਿਰ ਦੇ ਬਜ਼ਾਰਾਂ ਵਿੱਚ ਸੈਰ ਸਪਾਟਾ। ਅਸੀਂ ਚਾਰ ਜਣੇ ਆਪਸ ਵਿੱਚ ਦੋਸਤ ਬਣ ਗਏ। ਉਹ ਤਿੰਨੇ ਚੰਗੇ ਸਰਦੇ ਘਰਾਂ ਦੇ ਸਨ ਤੇ ਮੈਂ ਇੱਕ ਹਮਾਤੜ। ਇੱਕ ਦਾ ਪਿਓੁ ਬਲੈਕੀਆ ਸੀ, ਦੂਜੇ ਦਾ ਪਿਓੁ ਚੰਗੀ ਖੇਤੀਬਾੜੀ ਕਰਦਾ ਸੀ ਤੇ ਤੀਜੇ ਦਾ ਭਰਾ ਕੈਨੇਡਾ ਗਿਆ ਹੋਇਆ ਸੀ। ਸਾਰਿਆਂ ਕੋਲ਼ ਜੇਬ ਖਰਚੇ ਖੁੱਲ੍ਹੇ ਸਨ। ਬਲੈਕੀਏ ਦਾ ਮੁੰਡਾ ਇਨਫ਼ੀਲਡ ਮੋਟਰ ਸਾਈਕਲ ਤੇ ਆਉਂਦਾ ਸੀ, ਦੂਸਰੇ ਦੋਨੋਂ ਨਵੇਂ ਸਾਇਕਲਾਂ ਤੇ। ਇੱਕ ਮੈਂ ਤੁਰਕੇ ਪਿੰਡੋਂ ਆਉਂਦਾ ਸੀ। ਤੇ ਉਹ ਵੀ ਪਜਾਮੇ ਤੇ ਕੈਂਚੀ ਚੱਪਲਾਂ ਨਾਲ। ਅਸੀਂ ਚਾਰੇ ਜਾਣੇ ਮੋਟਰਸਾਈਕਲ ਤੇ ਬਹਿੰਦੇ ਤੇ ਬਾਜ਼ਾਰਾਂ ਦੇ ਚੱਕਰ ਲਾਉਂਦੇ। ਪੂਰੀ ਟੌਹਰ ਸੀ ਸਾਡੀ। ਕਹਿੰਦੇ ਨੇ ਊਠਾਂ ਵਾਲਿਆਂ ਨਾਲ ਯਾਰਾਨੇ ਲਾਉਂਣੇ ਹੋਣ ਤਾਂ ਦਰਵਾਜ਼ੇ ਉੱਚੇ ਰੱਖਣੇ ਪੈਂਦੇ ਨੇ। ਉਹਨਾਂ ਨੇ ਵਾਰੀ ਪਾਈ ਹੁੰਦੀ ਸੀ ਪਈ ਵਿਹਲੇ ਟਾਈਮ ਤੇ ਇੱਕ ਹਲਵਾਈ ਦੀ ਦੁਕਾਨ ਤੋਂ ਕਿੱਲੋ ਦੁੱਧ ਲੈਣਾ ਤੇ ਨਾਲ ਬਰਫ਼ੀ, ਬੇਸਣ,ਲੱਡੂ ਜਾਂ ਜਲੇਬੀਆਂ,ਪਕੌੜੇ। ਕੁਝ ਦੇਰ ਤਾਂ ਮੈਂ ਉਹਨਾਂ ਨਾਲ ਇੱਧਰੋਂ ਉੱਧਰੋਂ ਪੈਸੇ ਕਰਕੇ ਨਿਭਾਈ ਗਿਆ ਪਰ ਆਉਣ ਵਾਲੇ ਸਮੇਂ ਵਿੱਚ ਮੈਂ ਉਹਨਾਂ ਨਾਲ ਯਾਰੀ ਨਹੀਂ ਸੀ ਨਿਭਾ ਸਕਦਾ ਕਿਉਂਕਿ ਮੈਨੂੰ ਪਤਾ ਸੀ ਕਿ ਮੇਰਾ ਪਿਓੁ ਬਹੁਤ ਕੰਜੂਸ ਹੈ ਤੇ ਉਹ ਮੈਨੂੰ ਇੰਨਾਂ ਖਰਚਾ ਨਹੀਂ ਦੇਵੇਗਾ।
ਕਾਲਜ ਦੀ ਮਹੀਨੇ ਦੀ ਫ਼ੀਸ ਹੁੰਦੀ ਸੀ 33 ਰੁਪਏ। ਮੈਂ ਤਾਂ ਇਹ ਵੀ ਪਿਓੁ ਦੀ ਜੇਬ ਵਿੱਚੋਂ ਮਸੀਂ ਕਢਾਉਂਦਾ ਸੀ। ਫ਼ੀਸ ਵਾਲੇ ਦਿਨ ਤੋਂ ਪੰਜ ਦਿਨ ਪਹਿਲਾਂ ਦੱਸਣਾ ਪੈਂਦਾ ਸੀ ਪਈ ਭਾਪਾ ਇਸ ਤਰੀਕ ਨੂੰ ਫ਼ੀਸ ਤਾਰਨੀ ਆਂ। ਉਹਨੇ ਕੋਈ ਜੁਆਬ ਨਾ ਦੇਣਾ ਨਾ ਹੱਛਾ ਨਾ ਫਿੱਟੇ ਮੂੰਹ। ਮਿਥੇ ਦਿਨ ਤੇ ਜਦ ਪੁੱਛਣਾ ਪਈ ਭਾਈਆ ਫ਼ੀਸ ? ਤਾਂ ਉਹਨੇ ਅੱਗੋਂ ਜੇਬ ਪੁੱਠੀ ਕਰਕੇ ਝਾੜ ਦੇਣੀ ਕਿ ਮੇਰੇ ਕੋਲ ਕੁਝ ਨਹੀਂ ਆਂ। ਜੇ ਮੈਂ ਪੜ੍ਹਾਈ ਛੱਡਦਾ ਤਾਂ ਇੰਨੇ ਚੰਗੇ ਦੋਸਤ ਛੱਡਣੇ ਪੈਣੇਂ ਸੀ। ਬਾਪੂ ਨੇ ਤਾਂ ਇਹੋ ਹੀ ਕਹਿਣਾ ਸੀ ਕਿ ਚੰਗਾ ਹੋਇਆ ਪੜ੍ਹਕੇ ਕਿਹੜਾ ਤੂੰ ਡੀ. ਸੀ. ਲੱਗਣਾ, ਆ ਬੰਦੇ ਦਾ ਪੁੱਤ ਬਣਕੇ ਖੇਤੀ ਕਰ। ਖੇਤੀ ਵਿੱਚੋਂ ਪੱਲੇ ਕੁੱਝ ਪੈਂਦਾ ਨਹੀਂ ਸੀ। ਸਾਲ ਛੇ ਮਹੀਨੇ ਬਾਦ ਕਿਤੇ ਕਮੀਜ਼, ਪਜਾਮਾ ਜੁੜਦਾ ਸੀ, ਉਹ ਵੀ ਕਿਸੇ ਘਰ ਦੇ ਜਾਂ ਰਿਸ਼ਤੇਦਾਰ ਦੇ ਘਰੀਂ ਵਿਆਹ-ਸ਼ਾਦੀ ਤੇ ਜਾਣ ਲਈ। ਮੇਰੇ ਸੁਫ਼ਨੇ ਬਹੁਤ ਵੱਡੇ ਸਨ ਕਿ ਮੇਰੇ ਕੋਲ ਕਾਰ ਹੋਵੇ, ਵਧੀਆ ਕੋਠੀ ਹੋਵੇ, ਵਧੀਆ ਕੱਪੜੇ ਲੀੜੇ ਪਾਉਣ ਨੂੰ ਹੋਣ । ਮੈਨੂੰ ਇਹ ਕੁੱਝ ਮਿਲਣਾ ਮੇਰੇ ਪਿਉ ਤੋਂ ਜਾਂ ਖੇਤੀਬਾੜੀ ਵਿੱਚੋਂ ਮਿਲਣਾ ਨਹੀਂ ਸੀ। ਸਾਡੇ ਸਕੂਲ ਦੇ ਸਾਹਮਣੇ ਪਿੰਡ ਭਤੀਜੇ ਤੋਂ, ਇੱਕ ਲੁਹਾਰ ਦੀ ਦੁਕਾਨ ਸੀ। ਨਾਂ ਸੀ ਉਹਦਾ ਮਹਿੰਗਾ ਸਿੰਘ। ਬੜਾ ਰੰਗੀਲਾ ਬੰਦਾ, ਦਿਨੇ ਹੀ ਦਾਰੂ ਪੀਈ ਰੱਖਦਾ ਸੀ ਪਰ ਕੰਮ ਲਈ ਉਹ ਬੜਾ ਇਮਾਨਦਾਰ ਸੀ। ਵੱਧ ਪੀਵੇ ਜਾਂ ਘੱਟ ਪਰ ਦਿਹਾੜੀ ਨਹੀਂ ਸੀ ਤੋੜਦਾ। ਉਹ ਮੇਰੇ ਪਿਓੁ ਨੂੰ ਚੰਗੀ ਤਰਾਂ ਜਾਣਦਾ ਵੀ ਸੀ। ਮੇਰਾ ਪਿਓੁ ਵੀ ਕਾਫੀ ਪੈਸੇ ਵਾਲਾ ਸੀ, ਲੋਕਾਂ ਨੂੰ ਪੈਸੇ ਵਿਆਜੂ ਦਿੰਦਾ ਹੁੰਦਾ ਸੀ ਪਰ ਆਪਣੇ ਪਰਿਵਾਰ ਲਈ ਉਹ ਹਮੇਸ਼ਾ ਕੰਜੂਸੀ ਹੀ ਵਰਤਦਾ ਸੀ।
ਮਹਿੰਗਾ ਸਿੰਘ ਲੁਹਾਰਾ ਤਰਖਾਣਾਂ ਦੋਨਾਂ ਕੰਮਾਂ ਦਾ ਮਾਹਰ ਸੀ। ਉਹ ਖੇਤੀਬਾੜੀ ਦੇ ਸਾਰੇ ਸੰਦ ਬਣਾ ਲੈਂਦਾ ਸੀ ਜਿਵੇਂ ਹਲ਼ਾਂ ਦੇ ਫਾਲ਼, ਦਾਤੀਆਂ, ਰੰਬੇ, ਗੰਡਾਸੇ,ਦਾਤਰ, ਵਗੈਰਾ। ਮੈਂ ਉਹਨੂੰ ਕਿਹਾ ਕਿ ਚਾਚਾ ਜੀ ਮੈ ਕਾਲਜ ਪੜ੍ਹਨ ਲੱਗਿਆ ਤਾਂ ਖਰਚਾ ਕਾਫ਼ੀ ਹੁੰਦਾ ਹੈ ਤੇ ਘਰੋਂ ਕੁੱਝ ਮਿਲਣ ਦੀ ਆਸ ਨਹੀਂ ਤੇ ਮੈਨੂੰ ਕੋਈ ਕੰਮ ਚਾਹੀਦਾ। ਉਹ ਕਹਿੰਦਾ ਕਾਕਾ ਡੌਲੇ ਤੇਰੇ ਚੰਗੇ ਬਣੇ ਆਂ ਤੇ ਸਰੀਰ ਵੀ ਤੇਰਾ ਕਾਫ਼ੀ ਗੁੰਦਵਾਂ। ਉਹਨਾਂ ਦਿਨਾਂ ਵਿੱਚ ਮੈਨੂੰ ਭਲਵਾਨੀ ਦਾ ਬੜਾ ਸ਼ੌਕ ਸੀ। ਮੈਂ ਹਰ ਰੋਜ਼ ਸਵੇਰੇ ਉੱਠ ਕੇ ਬੈਠਕਾਂ, ਡੰਡ ਬੈਠਕਾਂ ਤੇ ਹੱਥ ਵਾਲੀ ਮਸ਼ੀਨ ਨਾਲ ਡੰਗਰਾਂ ਲਈ ਪੱਠੇ ਕੁਤਰ ਕੇ ਕਾਲਜ ਜਾਇਆ ਕਰਦਾ ਸੀ। ਆਂਢੀ-ਗੁਆਂਢੀ ਵੀ ਬੜੀਆਂ ਸਿਫਤਾਂ ਕਰਦੇ ਹੁੰਦੇ ਸਨ ਪਈ ਰੇਸ਼ਮ ਸਿੰਘ ਦਾ ਮੁੰਡਾ ਬੜਾ ਵਧੀਆ ਕੰਮ ਕਰਦਾ । ਕਾਲਜ ਵੀ ਜਾਂਦਾ ਤੇ ਘਰ ਦੇ ਕੰਮਾਂ ਵਿੱਚ ਵੀ ਪਿਓੁ ਦਾ ਬੜਾ ਸਾਥ ਦਿੰਦਾ। ਮੈਨੂੰ ਕਹਿੰਦਾ ਆਹ ਦੇਖ ਬਦਾਨ, ਇਹਦੇ ਨਾਲ ਲੋਹਾ ਕੁੱਟਣਾ ਪਊ। ਮੈਂ ਸਵੇਰ ਦਾ ਕੰਮ ਜਮ੍ਹਾਂ ਕਰਕੇ ਰੱਖ ਲਿਆ ਕਰੂੰ ਤੇ ਤੂੰ ਕਾਲਜ ਤੋਂ ਬਾਦ ਆ ਕੇ ਮੇਰੇ ਨਾਲ ਕੰਮ ਕਰ ਲਿਆ ਕਰੀਂ। ਮੈਂ ਗਰਮ ਗਰਮ ਲੋਹਾ ਅੱਗ ਚੋਂ ਕੱਢਿਆ ਕਰਾਂਗਾ ਤੇ ਤੂੰ ਬਦਾਨ (ਵੱਡਾ ਸਾਰਾ ਹਥੌੜਾ) ਨਾਲ ਕੁੱਟੀ ਜਾਇਆ ਕਰੀਂ। ਕੰਮ 4 ਘੰਟੇ ਵਿੱਚ ਮੁੱਕ ਜਾਵੇ ਜਾਂ ਤਿੰਨ ਘੰਟੇ ਵਿੱਚ ਪਰ ਮੈਂ ਤੈਨੂੰ ਪੂਰੀ ਦਿਹਾੜੀ ਦੇ ਦਿਆ ਕਰਾਂਗਾ। ਪਿੰਡਾਂ ਵਿੱਚ ਦਿਹਾੜੀਦਾਰ ਦੀ ਦਿਹਾੜੀ 7 ਰੁਪਏ ਹੁੰਦੀ ਸੀ, ਕਿਉਂਕਿ ਉਹ ਤਿੰਨ ਡੰਗ ਰੋਟੀ ਤੇ ਚਾਹ ਪਾਣੀ ਜਿਮੀਦਾਰ ਦੇ ਘਰੋਂ ਖਾਇਆ ਕਰਦੇ ਸੀ ਤੇ ਸ਼ਹਿਰ ਵਿੱਚ ਉੱਕਾ-ਪੁੱਕਾ 10 ਰੁਪਏ ਦਿਹਾੜੀ ਹੁੰਦੀ ਸੀ। ਮੈਨੂੰ ਕਹਿੰਦਾ ਮੈਂ 10 ਰੁਪਏ ਰੋਜ ਦੇ ਦਿਆ ਕਰਾਂਗਾ। ਕੰਮ ਬੜੇ ਜੋਰ ਵਾਲਾ ਸੀ। ਮੈਂ ਝੱਟ ਹਾਂ ਕਰ ਦਿੱਤੀ ਕਿਉਂਕਿ ਮੈਂ ਸੋਚਿਆ ਪਈ ਵੈਸੇ ਵੀ ਮੈਂ ਹਰ ਰੋਜ਼ ਡੰਡ ਬੈਠਕਾਂ ਕੱਢਦਾਂ ਡੌਲ਼ੇ ਬਣਾਉਣ ਲਈ ਤੇ ਇੱਥੇ ਤਾਂ ਡੌਲ਼ੇ ਵੀ ਬਣਨਗੇ ਤੇ ਪੈਸੇ ਵੀ। ਦੂਸਰੇ ਦਿਨ ਮੈਂ ਕਾਲਜ ਤੋ ਬਾਦ ਬਦਾਨ ਫੜ ਕੇ( ਹਨੂੰਮਾਨ ਦੇ ਗੁਰਜ ਵਾਂਗੂੰ ) ਮੈਦਾਨ ਵਿੱਚ ਆ ਗਿਆ। ਚਾਰ ਕੁ-ਘੰਟੇ ਲੋਹਾ ਕੁੱਟਿਆ, ਮੁੜ੍ਹਕੋ ਮੁੜ੍ਹਕੀ ਹੋ ਗਿਆ। ਨਾਲ ਦੀ ਹਲਵਾਈ ਦੀ ਦੁਕਾਨ ਤੋਂ ਪਾਈਆ ਦੁੱਧ ਪੀਤਾ ਤੇ ਮਹਿੰਗੇ ਨੇ ਦਸ ਰੁਪਏ ਮੇਰੀ ਜੇਬ ਵਿੱਚ ਪਾ ਦਿੱਤੇ। ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਕਹਿੰਦੇ ਨੇ ਲੋੜ ਕਾਢ ਦੀ ਮਾਂ ਹੁੰਦੀ ਆ ਤੇ ਮੈਂ ਲੋੜ ਪੂਰੀ ਕਰਨ ਵਿਚ ਕਾਮਯਾਬ ਹੋ ਗਿਆ। ਮੇਰੀ ਜੇਬ ਹਰ ਵੇਲੇ ਨੋਟਾਂ ਨਾਲ ਭਰੀ ਰਹਿਣ ਲੱਗ ਪਈ। ਮੇਰਾ ਭਰਾ ਗਰੀਸ ਗਿਆ ਹੋਇਆ ਸੀ, ਉਹਨੇ ਮੈਨੂੰ ਦੋ ਪੈਂਟਾਂ ਤੇ ਕਮੀਜ਼ਾਂ ਭੇਜੀਆਂ ਸਨ, ਮੈਂ ਸੋਚਿਆ ਪਈ ਇਹਨਾਂ ਵਧੀਆ ਪੈਂਟ ਕਮੀਜ਼ਾਂ ਨਾਲ ਕੈਂਚੀ ਚੱਪਲਾਂ ਨਹੀਂ ਜੱਚਣੀਆਂ ਤੇ ਮੈਂ ਵਧੀਆ ਜਿਹੀ ਚਿੱਟੇ ਰੰਗ ਦੀ ਜੁੱਤੀ ਖ਼ਰੀਦ ਲਈ। ਕਾਲਜ ਵਿੱਚ ਪੂਰੀ ਟੌਹਰ ਬਣ ਗਈ ਤੇ ਨਾਲ ਦੇ ਯਾਰ ਬੇਲੀ ਮੈਨੂੰ ਗਰੀਸੀਆ,ਗਰੀਸੀਆ ਕਹਿ ਕੇ ਬੁਲਾਉਣ ਲੱਗ ਪਏ। ਵਧੀਆ ਕੱਪੜੇ ਤੇ ਗੁੰਦਵਾਂ ਸਰੀਰ ਕਰਕੇ ਕੁੜੀਆਂ ਵੀ ਲਾਈਨਾਂ ਮਾਰਨ ਲੱਗ ਪਈਆਂ ਪਰ ਇਸ ਮਾਮਲੇ ਵਿੱਚ ਮੈਂ ਕਦੀ ਦਿਲਚਸਪੀ ਨਹੀਂ ਲਈ ਤੇ ਆਪਣੀ ਮਿਹਨਤ ਵੱਲ ਜ਼ਿਆਦਾ ਧਿਆਨ ਰੱਖਿਆ।
ਉਹਨੀਂ ਦਿਨੀਂ ਦਾਰਾ ਸਿੰਘ ਬੜਾ ਮਸ਼ਹੂਰ ਸੀ, ਉਹਦੀਆਂ ਕੁਸ਼ਤੀਆਂ ਮੈਂ ਅਕਸਰ ਦੇਖਣ ਜਾਇਆ ਕਰਦਾ ਸੀ। ਉਹਦੀਆਂ ਫ਼ਿਲਮਾਂ ਵੀ ਬੜੀਆਂ ਮਸ਼ਹੂਰ ਸਨ ਤੇ ਮੈਂ ਤਕਰੀਬਨ ਹਰ ਫ਼ਿਲਮ ਦੇਖਿਆ ਕਰਦਾ ਸੀ। ਮੈਨੂੰ ਇਹ ਵਹਿਮ ਵੀ ਹੋ ਗਿਆ ਸੀ ਕਿ ਦਾਰਾ ਸਿੰਘ ਭਲਵਾਨੀ ਕਰਕੇ ਫ਼ਿਲਮਾਂ ਵਿੱਚ ਆਇਆ ਤੇ ਮੈਂ ਵੀ ਚੰਗਾ ਪਹਿਲਵਾਨ ਬਣਾਂਗਾ ਤੇ ਪੈਸੇ ਵੀ ਮੈਂ ਇਸੇ ਕਰਕੇ ਜੋੜੀ ਜਾਂਦਾ ਸੀ ਪਈ ਜੇ ਕਿਤੇ ਬੰਬੇ ਜਾਣ ਦਾ ਮੌਕਾ ਮਿਲਿਆ ਤਾਂ ਫ਼ਿਲਮਾਂ ਵਿੱਚ ਜਾਣ ਲਈ ਪੈਸੇ ਦੀ ਲੋੜ ਵੀ ਪੈ ਸਕਦੀ ਆ। ਫ਼ਿਲਮਾਂ ਵਿੱਚ ਕੰਮ ਕਰਨ ਦਾ ਮੇਰੇ ਸਿਰ ਭੂਤ ਸਵਾਰ ਸੀ ਪਰ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ। ਆਪਣੀ ਮਿਹਨਤ ਸਦਕਾ ਮੈਂ ਕਾਫ਼ੀ ਪੈਸੇ ਜੋੜ ਲਏ ਤੇ ਬੀ.ਏ. ਤੀਜੇ ਭਾਗ ਵਿੱਚ ਦਾਖਲਾ ਲੈ ਲਿਆ। ਉਹਨੀਂ ਦਿਨੀਂ ਮੇਰਾ ਵੱਡਾ ਭਰਾ ਜੋ ਗਰੀਸ ਵਿੱਚ ਰਹਿੰਦਾ ਸੀ, ਇੰਡੀਆ ਆ ਗਿਆ ਫਿਰ ਕੀ ਸੀ ਮੌਜਾਂ ਹੀ ਮੌਜਾਂ, ਨਵਾਂ ਸਕੂਟਰ ਬਜਾਜ ਚੇਤਕ ਲੈ ਦਿੱਤਾ। ਖਾਣ ਪੀਣ ਨੂੰ ਖੁੱਲ੍ਹਾ ਜੇਬ ਖਰਚਾ ਜੇ ਕਿਤੇ ਖਾਣ ਪੀਣ ਦਾ ਸਮਾਨ ਸ਼ਹਿਰੋਂ ਲਿਆਉਣਾ ਹੁੰਦਾ ਤਾਂ ਮੇਰੀ ਜ਼ਿੰਮੇਵਾਰੀ ਸੀ, ਕੋਈ ਪ੍ਰਾਹੁਣਾ ਆ ਜਾਣਾ ਤਾਂ ਉਹਦੀ ਸੇਵਾ-ਸੰਭਾਲ ਮੈਂ ਹੀ ਕਰਦਾ ਸੀ। ਜਾਣੀ ਘਰ ਵਿੱਚ ਹੁਣ ਮੇਰੀ ਚੌਧਰ ਹੀ ਚੱਲਦੀ ਸੀ। ਪੈਦਲ ਚੱਲਕੇ ਕਾਲਜ ਜਾਣ ਵਾਲੇ ਨੂੰ ਸਕੂਟਰ ਮਿਲ ਜਾਵੇ ਤਾਂ ਕਿਆ ਬਾਤਾਂ। ਕੁੱਝ ਦੇਰ ਬਾਦ ਭਰਾ ਦਾ ਵਿਆਹ ਹੋ ਗਿਆ ਤੇ ਘਰ ਹੋਰ ਰੌਣਕਾਂ ਲੱਗ ਗਈਆਂ । ਸਾਡੇ ਦੋਹਾਂ ਭਰਾਵਾਂ ਦਾ ਪਿਆਰ ਦੇਖਕੇ ਇੱਕ ਫੁਕਰੇ ਜਿਹੇ, ਸਾਡੇ ਨਾਲ ਬਹਿਣ ਖਾਣ ਪੀਣ ਵਾਲੇ ਨੇ ਭਰਾ ਦੇ ਕੰਨ ਭਰੇ ਅਖੇ ਤੇਰਾ ਛੋਟਾ ਭਰਾ ਕਹਿੰਦਾ ਸੀ ਕਿ ਇਹਨੇ ਤਾਂ ਥੋੜ੍ਹੀ ਦੇਰ ਬਾਦ ਬਾਹਰ ਚਲੇ ਜਾਣਾ ਤੇ ਬਾਦ ਵਿੱਚ ਘਰ ਮੈਂ ਹੀ ਸਾਂਭਣਾ। ਕੁੱਝ ਦਿਨ ਮੇਰੇ ਨਾਲ ਜ਼ਿਆਦਾ ਗੱਲਬਾਤ ਨਾ ਕਰੇ। ਮੈਂ ਜਾਣ ਗਿਆ ਕਿ ਇਸ ਫੁਕਰੇ ਬੰਦੇ ਨੇ ਕੋਈ ਚੁਗਲੀ ਕੀਤੀ ਲੱਗਦੀ ਆ। ਮੈਂ ਆਪਣੇ ਦੂਜੇ ਭਰਾਵਾਂ ਚਾਚੇ ਤਾਏ ਦੇ ਮੁੰਡਿਆਂ ਨੂੰ ਗੱਲ ਦੱਸੀ ਤਾਂ ਉਹਨਾਂ ਮੇਰੇ ਭਰਾ ਤੋਂ ਕਾਰਨ ਪੁੱਛਿਆ ਪਈ ਕਿਹੜੀ ਗੱਲ ਤੋਂ ਇਹਦੇ ਨਾਲ ਨਾਰਾਜ਼ ਆਂ ?
ਉਹਨੇ ਗੱਲ ਦੱਸੀ ਪਈ ਇਹ ਕਹਿੰਦਾ ਸੀ ਇੱਕ ਬੰਦੇ ਨੂੰ। ਅਸੀਂ ਸਾਰਿਆਂ ਉਸ ਫੁਕਰੇ ਨੂੰ ਢਾਹ ਲਿਆ ਤੇ ਚੰਗੇ ਛਿੱਤਰ ਫ਼ੇਰੇ ਤੇ ਉਹ ਮੰਨ ਗਿਆ ਪਈ ਹਾਂ ਮੈਂ ਤਾਂ ਮਜ਼ਾਕ ਵਿੱਚ ਗੱਲ ਕੀਤੀ ਸੀ। ਫ਼ਿਰ ਮੇਰੀ ਕਿਤੇ ਭਰਾ ਨਾਲ ਸੁਲਾਹ ਹੋਈ ਪਰ ਫਿਰ ਵੀ ਪਹਿਲਾਂ ਵਾਲੀ ਗੱਲ ਨਾ ਬਣ ਸਕੀ। ਕੁੱਝ ਦਿਨ ਪਾ ਕੇ ਮੇਰੀ ਫ਼ਿਰ ਭਰਾ ਨਾਲ ਤੂੰ-ਤੂੰ ਮੈਂ-ਮੈਂ ਹੋਈ। ਕਹਿੰਦੇ ਨੇ ਸ਼ੈਤਾਨ ਵਲੋਂ ਕਿਸੇ ਦੇ ਘਰ ਸੁੱਟੀ ਚੰਗਿਆੜੀ ਭਾਂਬੜ ਭਾਵੇਂ ਨਾ ਮੱਚੇ ਪਰ ਧੂੰਏਂ ਦੇ ਰੂਪ ਵਿੱਚ ਸੁਲਗਦੀ ਜ਼ਰੂਰ ਰਹਿੰਦੀ ਆ। ਮੇਰਾ ਦਿਮਾਗ ਮੇਰੇ ਕਾਬੂ ਵਿੱਚ ਨਹੀਂ ਸੀ। ਮੈਂ ਆਪਣੇ ਸਾਰੇ ਪੈਸੇ ਪਾਏ ਬਟੂਏ ਵਿੱਚ ਤੇ ਚੱਕਿਆ ਸਾਈਕਲ ਤੇ ਘਰ ਕਹਿ ਦਿੱਤਾ ਕਿ ਮੇਰੀ ਉਡੀਕ ਨਾ ਕਰਿਓ ਕਿਉਂਕਿ ਮੈਂ ਬੰਬੇ ਚੱਲਿਆਂ ਹਾਂ। ਇਸ ਤਰਾਂ ਦਾ ਲੋਹਾ ਕੁੱਟਣ ਦਾ ਕੰਮ ਤਾਂ ਕਿਤੇ ਵੀ ਮਿਲ ਜਾਵੇਗਾ। ਮੈਂ ਕਰਤਾਰਪੁਰ ਬੱਸ ਸਟੈਂਡ ਤੇ ਆ ਗਿਆ। ਸਾਡੇ ਘਰ ਕਿਸੇ ਨੇ ਕੈਸਾ ਪੁਆੜਾ ਪਾਇਆ ਕਿ ਦਿਲ ਕਰੇ ਕੁੱਝ ਖਾ ਕੇ ਮਰ ਜਾਵਾਂ। ਬੱਸ ਸਟੈਂਡ ਤੇ ਇੱਕ ਅੱਧਖੜ ਉਮਰ ਦਾ ਬੋਹੜ ਦਾ ਦਰਖਤ ਸੀ। ਉਹਦੇ ਮੁੱਢ ਇੱਟਾਂ ਦਾ ਥੜ੍ਹਾ ਬਣਿਆ ਹੋਇਆ ਸੀ। ਬਿਲਕੁੱਲ ਨਾਲ ਹੀ ਸਾਹਮਣੇ ਸ਼ਰਾਬ ਦਾ ਠੇਕਾ ਸੀ। ਮੈਂ ਬੋਤਲ ਲਈ ਤੇ ਅੱਧੀ ਇੱਕੋ ਸਾਹੇ ਚਾੜ੍ਹ ਗਿਆ। ਬਾਦ ਵਿੱਚ ਮੈਨੂੰ ਨਹੀਂ ਪਤਾ ਮੈਂ ਕਿੱਥੇ ਹਾਂ। ਮੈਂ ਡਿੱਗਦਾ ਢਹਿੰਦਾ ਪੁਲਿਸ ਥਾਣੇ ਦੇ ਸਾਹਮਣੇ ਇੱਕ ਟਾਹਲੀ ਨਾਲ ਢੋਹ ਲਾ ਕੇ ਬਹਿ ਗਿਆ। ਤੜਕੇ ਜਿਹੇ ਹੋਸ਼ ਆਈ ਤਾਂ ਉੱਠਕੇ ਦੇਖਿਆ, ਮੇਰਾ ਬਟੂਆ ਗਾਇਬ ਸੀ। ਮੈਂ ਫਟਾ ਫਟ ਆਪਣੇ ਦੋਸਤ ਕਰਤਾਰਪੁਰ ਵਾਲੇ ਦੇ ਘਰ ਗਿਆ ਤੇ ਉਹਨਾਂ ਦਾ ਸਾਰਾ ਟੱਬਰ ਮੇਰੇ ਦੁਆਲੇ ਹੋ ਗਿਆ ਪਈ ਐਨੇ ਹਨੇਰੇ ਕਿੱਥੋਂ ਆਇਆਂ! ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਪਈ ਮੇਰਾ ਤਾਂ ਤਿੰਨ ਹਜ਼ਾਰ ਰੁਪੱਈਆ ਗੁਆਚ ਗਿਆ ਜਾਂ ਕਿਸੇ ਨੇ ਕੱਢ ਲਿਆ। ਉਹ ਤਿੰਨੇ ਚਾਰੇ ਭਰਾ ਮੇਰੇ ਨਾਲ ਬਟੂਆ ਲੱਭਣ ਨਿੱਕਲ ਪਏ। ਠੇਕੇ ਮੂਹਰੇ ਜਾ ਕੇ ਦੇਖਿਆ, ਜਿੱਥੋਂ ਦੀ ਮੈਂ ਥਾਣੇ ਵੱਲ ਆਇਆ ਸੀ, ਉੱਥੇ ਵੀ ਦੇਖਿਆ ਪਰ ਬਟੂਆ ਨਾ ਮਿਲਿਆ। ਮੇਰਾ ਦਿਲ ਟੁੱਟ ਗਿਆ ਕਿ ਮੇਰੀ ਛੋਟੀ ਜਿਹੀ ਬੇਵਕੂਫ਼ੀ ਨੇ ਕਿੰਨਾ ਨੁਕਸਾਨ ਕਰ ਦਿੱਤਾ। ਵਾਹਿਗੁਰੂ ਮੂਹਰੇ ਅਰਦਾਸਾਂ ਕਰਾਂ ਕਿ ਹੇ ਪ੍ਰਮਾਤਮਾ ਜੇ ਤੂੰ ਹੈਂ ਤਾਂ ਦਿਖਾਦੇ ਕੋਈ ਚਮਤਕਾਰ, ਇਹ ਮੇਰੀ ਹੱਕ ਦੀ ਕਮਾਈ ਆ। ਇੱਕ ਵਾਰ ਬਖਸ਼ ਦਿਓੁ, ਫਿਰ ਮੈਂ ਏਹੋ ਜਿਹੀ ਗ਼ਲਤੀ ਦੁਬਾਰਾ ਨਹੀਂ ਕਰਦਾ। ਇਸੇ ਤਰਾਂ ਸੋਚਾਂ ਵਿੱਚ ਪਏ ਨੂੰ ਬੇਅਰਾਮੀ ਕਾਰਨ ਨੀਂਦ ਆ ਗਈ। ਕੁੱਝ ਦੇਰ ਬਾਦ ਮੇਰੇ ਦੋਸਤ ਨੇ ਹਲੂਣ ਕੇ ਜਗਾਇਆ ਤੇ ਕਹਿੰਦਾ ਬੀਬੀ ਨੇ ਤੁਹਾਡੇ ਪਿੰਡ ਵਾਲੇ ਦੋਧੀ ਕੋਲ ਸੁਨੇਹਾ ਘੱਲਿਆ ਕਿ ਫਿਕਰ ਨਾ ਕਰ ਤੇ ਘਰ ਨੂੰ ਆਜਾ। ਘਰ ਦਾ ਮਾਲ ਘਰੇ ਹੀ ਆ। ਮੈਂ ਸੋਚਾਂ ਵਿੱਚ ਪੈ ਗਿਆ ਕਿ ਇਹ ਕਿਵੇਂ ਹੋ ਸਕਦਾ
ਕਿ ਘਰ ਦਾ ਮਾਲ ਘਰੇ ਹੀ ਆ। ਮੈਂ ਸੋਚਾਂ ਕੁੱਝ ਗੜਬੜ ਤਾਂ ਜ਼ਰੂਰ ਹੈ । ਮੈਂ ਸੋਚਾਂ ਵਿੱਚ ਡੁੱਬਾ ਘਰ ਨੂੰ ਚੱਲ ਪਿਆ। ਘਰ ਜਾਂਦਿਆਂ ਹੀ ਮੇਰਾ ਵੱਡਾ ਭਰਾ ਪਾਲਾ ਮੁਸ਼ਕੜੀਆਂ ਚੇ ਮਾੜਾ ਮਾੜਾ ਮੁਸਕੁਰਾਵੇ। ਕਹਿੰਦਾ ਕਿਉਂ ਹੋ ਆਇਆਂ ਬੰਬਿਉਂ ? ਮੈ ਤਾਂ ਸੁਣਿਆ ਸੀ ਕਿ ਦੋ ਦਿਨ ਜਾਣ ਨੂੰ ਤੇ ਦੋ ਦਿਨ ਆਉਣ ਨੂੰ ਲੱਗਦੇ ਆ। ਕਿਸੇ ਹਵਾਈ ਜਹਾਜ ਵਿੱਚ ਚੜ੍ਹਕੇ ਚਲੇ ਗਿਆ ਸੀ ? ਕਿਹਦੇ ਨਾਲ ਫ਼ਿਲਮ ਬਣਾ ਕੇ ਆਇਆਂ ? ਧਰਮਿੰਦਰ ਨਾਲ, ਦਾਰੇ ਨਾਲ, ਜਾਂ ਸੁਨੀਲ ਦੱਤ ਨਾਲ ? ਹੁਣ ਮੈਂ ਸਮਝ ਗਿਆ ਕਿ ਮਾਲ ਇਹਨਾਂ ਦੇ ਹੱਥ ਹੀ ਆ। ਮੈਂ ਕਿਹਾ ਪਾਲੇ ਬਾਹਲੀਆ ਟਿੱਚਰਾਂ ਨਾ ਕਰ ਤੇ ਸੱਚੋ ਸੱਚੀ ਦੱਸਦੇ ਕੀ ਗੱਲ ਆ ? ਕਹਿੰਦਾ 100 ਰੁਪੱਈਆ ਲੱਗੂ। ਮੈਂ ਕਿਹਾ ਭਾਵੇਂ ਦੋ ਸੌ ਲੈ ਲਈਂ ਪਰ ਗੱਲ ਦੱਸ ਕੀ ਆ। ਇੰਨੇ ਨੂੰ ਮੇਰੀ ਮਾਂ ਨੇ ਬਟੂਆ ਮੇਰੇ ਹੱਥ ਫੜਾ ਦਿੱਤਾ ਤੇ ਮੇਰੀ ਜਾਨ ਵਿੱਚ ਜਾਨ ਆਈ। ਕਹਿੰਦੀ ਪਾਲਾ ਤੇਰੇ ਮਗਰ ਤੈਨੂੰ ਲੱਭਣ ਗਿਆ ਸੀ ਤੇ ਬੋਹੜ ਥੱਲੇ ਹਨੇਰੇ ਜਿਹੇ ਵਿੱਚ ਇਹਨੂੰ ਬਟੂਆ ਲੱਭ ਪਿਆ। ਇਹਦੀ ਤਾਂ ਖੁਸ਼ੀ ਦੀ ਹੱਦ ਨਾ ਰਹੀ, ਕਹਿੰਦਾ ਅਖ਼ੇ ਮੋਟਾ ਮਾਲ ਹੱਥ ਆ ਗਿਆ। ਬੀਬੀ ਕਹਿੰਦੀ ਮੈ ਬਟੂਆ ਫੜਕੇ ਹੋਰ ਜੇਬਾਂ ਫਰੋਲ਼ੀਆਂ ਤਾਂ ਤੇਰੀ ਕਾਲਜ ਦਾ ਪਛਾਣ ਪੱਤਰ ਤੇਰੀ ਫ਼ੋਟੋ ਦੇ ਨਾਲ ਮਿਲ ਗਿਆ। ਮੈ ਉਸੇ ਵੇਲੇ ਦੋਧੀ ਕੋਲ ਗਈ ਤੇ ਤੈਨੂੰ ਸੁਨੇਹਾ ਘੱਲ ਦਿੱਤਾ ਪਈ ਕਿਤੇ ਹੋਰ ਕੋਈ ਚੰਦਰਾ ਕਾਰਾ ਨਾ ਕਰ ਬੈਠੇ। ਭਰਾ ਨੇ 100 ਰੁਪੱਈਆ ਵਿੱਚੋਂ ਕੱਢਿਆ ਤੇ ਸ਼ਹਿਰ ਨੂੰ ਮਠਿਆਈਆਂ ਲੈਣ ਭੱਜ ਗਿਆ। ਸੋ ਦੋਸਤੋ ਹੱਕ ਦੀ ਕਮਾਈ ਕਿਤੇ ਜਾਂਦੀ ਨਹੀਂ ਤੇ ਹਰਾਮ ਦੀ ਕਮਾਈ ਕਦੇ ਕੋਲ਼ ਰਹਿੰਦੀ ਨਹੀਂ ਸਗੋਂ ਤੁਹਾਡਾ ਦੁੱਗਣਾ ਨੁਕਸਾਨ ਕਰ ਦਿੰਦੀ ਹੈ।
ਸਮਾਪਤ
ਅਮਰਜੀਤ ਚੀਮਾਂ (ਯੂ ਐੱਸ ਏ)
+17169083631