ਪਟਿਆਲਾ : ਲੋਕ ਹਿੱਤ ਵਿੱਚ ਕੰਮ ਕਰਦਿਆਂ ਹੋਇਆਂ, ਪੰਜਾਬ ਸਟੇਟ ਪਾਵਰ ਕਾਪਰੇਸ਼ਨ ਲਿਮਿਟਿਡ ਵਿੱਚ ਵੱਖੋ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਉਣ ਵਾਲੇ ਚੀਫ ਇੰਜੀਨੀਅਰ ਸਾਊਥ ਪਟਿਆਲਾ ਇੰਜ. ਜਗਦੇਵ ਸਿੰਘ ਹਾਂਸ ਨੇ ਤਰੱਕੀ ਉਪਰੰਤ ਅੱਜ ਚੀਫ ਇੰਜੀਨੀਅਰ ਪਟਿਆਲਾ ਵਜੋਂ ਆਪਣਾ ਨਵਾਂ ਅਹੁਦਾ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਇੰਜ. ਹਾਂਸ ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਬਤੌਰ ਡਿਪਟੀ ਚੀਫ ਇੰਜੀਨੀਅਰ ਸੇਵਾਵਾਂ ਨਿਭਾਅ ਚੁੱਕੇ ਹਨ। ਜਗਰਾਉਂ ਨੇੜੇ ਪਿੰਡ ਹਾਂਸ ਕਲਾਂ ਵਿਖੇ ਸ. ਗੁਰਬਖਸ਼ ਸਿੰਘ ਦੇ ਘਰ 5 ਜਨਵਰੀ, 1969 ਨੂੰ ਜਨਮੇ ਇੰਜ: ਹਾਂਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਸਾਲ 1990 ਵਿੱਚ ਇਲੈਕਟਰੀਕਲ ਇੰਜੀਨੀਅਰਿੰਗ ਕੀਤੀ ਸੀ ਅਤੇ 1991 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਐਸਡੀਓ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਕੋਲ ਵੱਖ-ਵੱਖ ਅਹੁਦਿਆਂ ਤੇ ਅਹਿਮ ਭੂਮਿਕਾਵਾਂ ਨਿਭਾਉਂਦੇ ਹੋਏ 32 ਸਾਲਾਂ ਦਾ ਆਪਰੇਸ਼ਨਸ ਦਾ ਤਜਰਬਾ ਹੈ। ਇਸ ਦੌਰਾਨ ਉਹਨਾਂ ਨੇ ਪੀਐਸਪੀਸੀਐਲ ਦੀ ਮੈਨੇਜਮੈਂਟ ਸੀਐਮਡੀ ਇੰਜ: ਬਲਦੇਵ ਸਿੰਘ ਸਰਾਂ, ਡਾਇਰੈਕਟਰ ਵੰਡ ਇੰਜ: ਡੀਪੀਐਸ ਗਰੇਵਾਲ ਦਾ ਇਹ ਜਿੰਮੇਵਾਰੀ ਸੌਂਪਣ ਲਈ ਧੰਨਵਾਦ ਪ੍ਰਗਟਾਇਆ ਅਤੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਪੀਐਸਪੀਸੀਐਲ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦੇ ਹੋਏ ਲੋਕ ਹਿੱਤ ਵਿੱਚ ਕੰਮ ਕਰਨ ਲਈ ਵਚਨਬੱਧ ਹੈ। ਇਸ ਮੌਕੇ ਚੀਫ ਇੰਜੀਨੀਅਰ ਇੰਜ: ਹਾਂਸ ਵੱਲੋਂ ਅੱਜ ਇੱਥੇ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ। ਇਸ ਤਰਾਂ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਤੇ ਜੋਰ ਦਿੰਦਿਆਂ ਹੋਇਆਂ ਸਪਸ਼ਟ ਕੀਤਾ ਕਿ ਇਸ ਸਬੰਧੀ ਕਿਸੇ ਵੀ ਸ਼ਿਕਾਇਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਮੁਲਾਜ਼ਮ ਕੁਰਪਸ਼ਨ ਕਰਦਾ ਫੜਿਆ ਗਿਆ, ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਤਕਨੀਕੀ ਤੌਰ ਤੇ ਫੀਡਰਾਂ ਅਤੇ ਟਰਾਂਸਫਾਰਮਰਾਂ ਨੂੰ ਡੀ-ਲੋਡ ਕਰਨ ਸਬੰਧੀ ਕੰਮਾਂ ਨੂੰ ਵੀ ਜਲਦੀ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹਈਆ ਕਰਵਾਈ ਜਾ ਸਕੇ।