ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਿਲਵਰ ਜੁਬਲੀ ਹੋਸਟਲ ਦੀਆਂ ਉਚਾਈਆਂ ਸਰ ਕਰਨ ਵਾਲੀਆਂ ਨੌ ਲੜਕੀਆਂ ਦਾ ਅੱਜ ਸਨਮਾਨ ਕੀਤਾ। ਇਨ੍ਹਾਂ ਵਿੱਚੋਂ ਸੱਤ ਲੜਕੀਆਂ ਜੱਜ ਬਣੀਆਂ ਹਨ ਜਦ ਕਿ ਇੱਕ ਨੇ ਸਬ ਇੰਸਪੈਕਟਰ ਦਾ ਅਹੁਦਾ ਪ੍ਰਾਪਤ ਕੀਤਾ ਹੈ। ਇੱਕ ਹੋਰ ਲੜਕੀ ਜਸਪ੍ਰੀਤ ਕੌਰ ਨੇ ਪ੍ਰਧਾਨ ਮੰਤਰੀ ਯੁਵਾ ਮੈਂਟਰਸ਼ਿਪ ਤਹਿਤ ਗ੍ਰਾਂਟ ਹਾਸਲ ਕੀਤੀ ਹੈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਪੇਂਡੂ ਤਬਕੇ, ਵਿਸ਼ੇਸ਼ ਤੌਰ ਉੱਤੇ ਲੜਕੀਆਂ ਦੇ ਉਚੇਰੀ ਸਿੱਖਿਆ ਦੇ ਸੁਪਨੇ ਪੂਰਾ ਕਰਨ ਵਾਲਾ ਅਦਾਰਾ ਹੈ। ਇਨ੍ਹਾਂ ਲੜਕੀਆਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਇਸ ਗੱਲ ਨੂੰ ਸਿੱਧ ਵੀ ਕੀਤਾ ਹੈ। ਇਨ੍ਹਾਂ ਲੜਕੀਆਂ ਦੀਆਂ ਪ੍ਰਾਪਤੀਆਂ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਕਾਰਜਾਂ ਉੱਤੇ ਮੋਹਰ ਲਗਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਆਪਣੀਆਂ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਉੱਤੇ ਮਾਣ ਹੈ।
ਸਿਲਵਰ ਜੁਬਲੀ ਹੋਸਟਲ ਦੀਆਂ ਜੱਜ ਬਣੀਆਂ ਇਹ ਲੜਕੀਆਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ਼ ਲਾਅ ਤੋਂ ਪੜ੍ਹੀਆਂ ਹਨ। ਇਨ੍ਹਾਂ ਵਿੱਚੋਂ ਆਗਿਆਪਾਲ ਕੌਰ, ਕਾਜਲ, ਹਰਜੋਬਨ ਗਿੱਲ ਅਤੇ ਰਵਨੀਤ ਕੌਰ ਨੇ ਇਸ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋ ਕੇ ਸਨਮਾਨ ਹਾਸਲ ਕੀਤਾ ਜਦਕਿ ਅਵਨੀਤ ਕੌਰ ਅਤੇ ਅੰਜਲੀ ਕੌਰ ਅਰਸ਼ਦੀਪ ਕੌਰ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋ ਸਕਣ ਕਾਰਨ ਉਨ੍ਹਾਂ ਦੇ ਸਬੰਧੀਆਂ ਨੇ ਇਹ ਸਨਮਾਨ ਹਾਸਲ ਕੀਤਾ। ਸਬ-ਇੰਸਪੈਕਟਰ ਬਣੀ ਸਰਬਜੀਤ ਕੌਰ ਕੌਰ ਦਾ ਸਨਮਾਨ ਵੀ ਉਸ ਦੇ ਸਬੰਧੀਆਂ ਨੇ ਪ੍ਰਾਪਤ ਕੀਤਾ।
ਪੰਜਾਬੀ ਵਿਭਾਗ ਤੋਂ ਜਸਪ੍ਰੀਤ ਕੌਰ ਨੇ ਪ੍ਰਧਾਨ ਮੰਤਰੀ ਯੁਵਾ ਮੈਂਟਰਸ਼ਿਪ ਤਹਿਤ ਗ੍ਰਾਂਟ ਪਾਪਤ ਕੀਤੀ ਅਤੇ ਗਦਰੀ ਯੋਧੇ ਬੰਤਾ ਸਿੰਘ ਸੰਘਵਾਲ ਦੀ ਜੀਵਨੀ ਉੱਤੇ ਅਧਾਰਿਤ ਨਾਵਲ ‘ਗਦਰ ਦੀ ਰਾਹ 'ਤੇ’ ਦੀ ਰਚਨਾ ਕੀਤੀ। ਜਸਪ੍ਰੀਤ ਕੌਰ ਨੂੰ ਆਪਣੇ ਇਸ ਪ੍ਰਾਜੈਕਟ ਸਦਕਾ ਹਾਲ ਹੀ ਵਿੱਚ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਨ ਦਾ ਮੌਕਾ ਵੀ ਪ੍ਰਾਪਤ ਹੋਇਆ ਹੈ।
ਇਸ ਮੌਕੇ ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਵਿੰਦਰ ਕੌਰ, ਡਾ. ਨੈਨਾ ਸ਼ਰਮਾ ਅਤੇ ਸੀਨੀਅਰ ਵਾਰਡਨ ਲਾਭ ਕੌਰ ਧਾਲੀਵਾਲ, ਡਾ. ਇੰਦਰਜੀਤ ਸਿੰਘ, ਡਾ. ਰੂਬੀ ਗੁਪਤਾ ਨੇ ਵੀ ਸੰਬੋਧਨ ਕੀਤਾ।