ਸੁਨਾਮ ਵਿਖੇ ਭਾਜਪਾ ਆਗੂ ਜਤਿੰਦਰ ਕਾਲੜਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਸੁਨਾਮ : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਨਾਲ ਸਬੰਧਿਤ ਆਗੂਆਂ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਟਕਸਾਲੀ ਭਾਜਪਾ ਆਗੂ ਵਿਨੋਦ ਗੁਪਤਾ ਨੂੰ ਟਿਕਟ ਦੇਣ ਦੀ ਮੰਗ ਕੀਤੀ ਹੈ। ਭਾਜਪਾ ਆਗੂ ਸੂਬੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਕਿਸੇ ਪਾਰਟੀ ਨਾਲ ਗੱਠਜੋੜ ਦੇ ਹੱਕ ਵਿੱਚ ਦਿਖਾਈ ਨਹੀਂ ਦਿੱਤੇ। ਐਤਵਾਰ ਨੂੰ ਸੁਨਾਮ ਵਿਖੇ ਭਾਜਪਾ ਆਗੂਆਂ ਜਤਿੰਦਰ ਕਾਲੜਾ, ਜਗਪਾਲ ਮਿੱਤਲ, ਵਿਨੋਦ ਸਿੰਗਲਾ, ਲਾਜਪਤ ਗਰਗ ਅਤੇ ਸਾਬਕਾ ਕੌਂਸਲਰ ਮੋਨਿਕਾ ਗੋਇਲ ਨੇ ਕਿਹਾ ਕਿ ਵਿਨੋਦ ਗੁਪਤਾ ਕ਼ਰੀਬ ਪੰਜ ਦਹਾਕਿਆਂ ਤੋਂ ਸੰਗਠਨ ਨਾਲ ਜੁੜੇ ਹੋਏ ਆਗੂ ਹਨ ਅਤੇ ਸਮਾਜ ਵਿੱਚ ਇੱਕ ਵਧੀਆ ਪਹਿਚਾਣ ਰੱਖਦੇ ਹਨ, ਕਈ ਜ਼ਿਲਿਆਂ ਦੇ ਇੰਚਾਰਜ਼ ਵਜੋਂ ਆਪਣੀ ਡਿਊਟੀ ਨਿਭਾਅ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਨੋਦ ਗੁਪਤਾ ਨੇ ਕਿਸਾਨੀ ਸੰਘਰਸ਼ ਦੌਰਾਨ ਵੀ ਪਾਰਟੀ ਦਾ ਖੂਬ ਵਿਸਤਾਰ ਕੀਤਾ ਅਤੇ ਉਨ੍ਹਾ ਦੇ ਘਰ ਮੂਹਰੇ ਵੀ ਬਹੁਤ ਦਿਨਾਂ ਤੱਕ ਕਿਸਾਨਾਂ ਨੇ ਧਰਨਾ ਲਗਾਇਆ ਬਾਵਜੂਦ ਅਜਿਹੇ ਹਲਾਤਾਂ ਦੇ ਪਾਰਟੀ ਹੁਕਮ ਮੰਨਦੇ ਹੋਏ ਨਗਰ ਕੌਂਸਲ ਦੀ ਚੋਣ ਵੀ ਲੜਿਆ ਅਤੇ ਲਗਭਗ 33 ਫੀਸਦੀ ਵੋਟਾਂ ਹਾਸਲ ਕੀਤੀਆਂ।ਭਾਜਪਾ ਆਗੂਆਂ ਨੇ ਹਾਈ ਕਮਾਨ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਜਮੀਨੀ ਪੱਧਰ ਦੇ ਆਗੂ ਨੂੰ ਟਿਕਟ ਦੇਣ ਦੇ ਨਾਲ ਜਿੱਥੇ ਵਰਕਰਾਂ ਵਿੱਚ ਉਤਸਾਹ ਪੈਦਾ ਹੁੰਦਾ ਹੈ ਉੱਥੇ ਜਿੱਤਣ ਤੋਂ ਬਾਅਦ ਵੀ ਕੋਈ ਸਮੱਸਿਆ ਨਹੀਂ ਆਉਂਦੀ, ਉਹਨਾਂ ਮੰਗ ਕੀਤੀ ਕਿ ਜਮੀਨੀ ਪੱਧਰ ਦੇ ਜੁੜੇ ਨੇਤਾ ਵਿਨੋਦ ਗੁਪਤਾ ਨੂੰ ਪਹਿਲ ਦੇ ਅਧਾਰ ਤੇ ਟਿਕਟ ਦਿੱਤੀ ਜਾਵੇ ਤਾਂ ਕਿ ਲੋਕ ਸਭਾ ਸੰਗਰੂਰ ਵਿੱਚ ਪਾਰਟੀ ਦਾ ਵਿਸਥਾਰ ਹੋ ਸਕੇ। ਭਾਜਪਾ ਦੇ ਸੀਨੀਅਰ ਆਗੂ ਵਿਨੋਦ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਰਕਰਾਂ ਦੇ ਉਤਸਾਹ ਨੂੰ ਦੇਖਦੇ ਹੋਏ ਪਾਰਟੀ ਉਹਨਾਂ ਨੂੰ ਲੋਕ ਸਭਾ ਉਮੀਦਵਾਰ ਬਣਾ ਕੇ ਸੇਵਾ ਕਰਨ ਦਾ ਇੱਕ ਮੌਕਾ ਜਰੂਰ ਦੇਵੇਗੀ ਉਹਨਾਂ ਕਿਹਾ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਰਾਮ ਮੰਦਰ ਬਣਾਕੇ ਇਤਿਹਾਸਿਕ ਕੰਮ ਕੀਤਾ ਹੈ ਉਸੇ ਲਹਿਰ ਦੇ ਚਲਦੇ ਇੱਕ ਹਿੰਦੂ ਉਮੀਦਵਾਰ ਨੂੰ ਟਿਕਟ ਦੇ ਕੇ ਲੋਕ ਸਭਾ ਸੰਗਰੂਰ ਵਿੱਚ ਵੀ ਕਮਲ ਦਾ ਫੁੱਲ ਖਿੜਾਉਣ ਵਿੱਚ ਕਾਮਯਾਬ ਹੋਣਗੇ। ਇਸ ਮੌਕੇ ਡਾਕਟਰ ਜਗਮਹਿੰਦਰ ਸੈਣੀ ਸਪੋਕਸਪਰਸਨ ਓਬੀਸੀ ਮੋਰਚਾ ਪੰਜਾਬ, ਦੀਵਾਨ ਗੋਇਲ ਸੂਬਾ ਕਮੇਟੀ ਮੈਂਬਰ, ਸਾਬਕਾ ਕੌਂਸਲਰ ਲਛਮਣ ਰੈਗਰ, ਕ੍ਰਿਸ਼ਨ ਗੋਇਲ ਖਨੌਰੀ, ਮੇਘ ਰਾਜ ਚੱਠਾ, ਸ਼ੰਕਰ ਗਰਗ, ਅਸ਼ੋਕ ਗੋਇਲ, ਜ਼ੋਰਾ ਸਿੰਘ ਬਾਵਾ, ਅਸ਼ੋਕ ਗਰਗ ਖਨੌਰੀ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।