ਸੁਨਾਮ : ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਨੇ ਕਿਹਾ ਪੰਜਾਬ ਵਿੱਚ ਭਾਜਪਾ ਨੂੰ ਕਿਸੇ ਪਾਰਟੀ ਨਾਲ ਗੱਠਜੋੜ ਦੀ ਲੋੜ ਨਹੀਂ ਹੈ ਕਿਉਂਕਿ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਮੰਡਲ ਪ੍ਰਧਾਨਾਂ ਤੋਂ ਉੱਪਰ ਦੇ ਆਗੂਆਂ ਤੋਂ ਉਮੀਦਵਾਰਾਂ ਲਈ ਜੋ ਸਲਾਹ ਲਈ ਗਈ ਹੈ ਇਸ ਤੋਂ ਇਹ ਗੱਲ ਉਭਰਕੇ ਸਾਹਮਣੇ ਆਈ ਹੈ ਪੰਜਾਬ ਵਿੱਚ ਪਾਰਟੀ ਦਾ ਜ਼ਮੀਨੀ ਵਰਕਰ ਇੱਕਲੇ ਚੋਣਾਂ ਲੜਣ ਦੇ ਰੋਂਅ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 230 ਦੇ ਕਰੀਬ ਆਗੂਆਂ ਵੱਲੋਂ ਲੋਕ ਸਭਾ ਚੋਣਾਂ ਲੜਨ ਲਈ ਅਪਣੀਆਂ ਅਰਜ਼ੀਆਂ ਦਿੱਤੀਆਂ ਹਨ ਉਹਨਾਂ ਵਿੱਚ ਹਰ ਵਰਗ ਦੇ ਆਗੂਆਂ ਦੀ ਸ਼ਮੂਲੀਅਤ ਹੈ ।ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਜਨਤਾ ਭਾਜਪਾ ਨੂੰ ਜਿਤਾਉਣਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰੀ ਹਾਈਕਮਾਨ ਨੂੰ ਵੀ ਭਾਜਪਾ ਦੇ ਵਰਕਰਾਂ ਅਤੇ ਆਮ ਜਨਤਾ ਦੀ ਅਵਾਜ਼ ਸਮਝ ਆ ਗਈ ਹੈ ਕਿ ਪੰਜਾਬ ਵਿੱਚ ਵੀ ਕਿਸੇ ਗੱਠਜੋੜ ਦੀ ਜ਼ਰੂਰਤ ਨਹੀਂ ਹੈ ।ਭਾਜਪਾ ਆਗੂ ਵਿਨੋਦ ਗੁਪਤਾ ਨੇ ਕਿਹਾ ਕਿ ਹਰ ਲੋਕ ਸਭਾ ਹਲਕੇ ਵਿੱਚ 2 ਲੱਖ ਦੇ ਕਰੀਬ ਲਾਭਪਾਤਰੀ ਹਨ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਲਾਭਕਾਰੀ ਸਕੀਮਾਂ ਦਾ ਲਾਭ ਲਿਆ ਹੈ ,ਪਾਰਟੀ ਵੱਲੋਂ ਪੰਜਾਬ ਵਿੱਚ ਸਾਰੇ ਲਾਭਪਾਤਰੀਆਂ ਨਾਲ ਸੰਪਰਕ ਅਤੇ ਸੰਵਾਦ ਕਰਨ ਦੀ ਯੋਜਨਾ ਲਾਭਕਾਰੀ ਸਾਬਤ ਹੋਵੇਗੀ।